ਮੈਨੂੰ ਬੁਲਬੁਲ ਵੀ ਪਸੰਦ ਹੈ : ਅਨੁਸ਼ਕਾ
On 26 November 2010 in ਫਿਲਮੀਂ
ਸ਼ਾਹਰੁਖ ਖਾਨ ਜਿਹੇ ਸੁਪਰ ਸਟਾਰ ਨਾਲ ਫਿਲਮ ‘ਰਬ ਨੇ ਬਨਾ ਦੀ ਜੋੜੀ’ ਨਾਲ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੀ ਅਨੁਸ਼ਕਾ ਸ਼ਰਮਾ ਦਾ ਇਸ ਫਿਲਮ ਨਾਲ ਦਰਸ਼ਕਾਂ ਦੇ ਦਿਮਾਗ ‘ਚ ਇੱਕ ਸਿੱਧੀ-ਸਾਦੀ ਕੁੜੀ ਦਾ ਅਕਸ ਸਥਾਪਤ ਹੋਇਆ ਸੀ, ਪਰ ਉਸ ਤੋਂ ਬਾਅਦ ਆਪਣੀ ਦੂਸਰੀ ਫਿਲਮ ‘ਬਦਮਾਸ਼ ਕੰਪਨੀ’ ਵਿੱਚ ਬੁਲਬੁਲ ਦਾ ਕਿਰਦਾਰ ਨਿਭਾਅ ਕੇ ਅਨੁਸ਼ਕਾ ਨੇ ਸਨਸਨੀ ਮਚਾ ਦਿੱਤੀ। ਅਨੁਸ਼ਕਾ ਦਾ ਇਹ ਕਿਰਦਾਰ ਬਹੁਤ ਬੋਲਡ ਅਤੇ ਬਿੰਦਾਸ ਸੀ। ਪੇਸ਼ ਹੈ ਉਸ ਨਾਲ ਇੱਕ ਛੋਟੀ ਗੱਲਬਾਤ :
* ‘ਬਦਮਾਸ਼ ਕੰਪਨੀ’ ਵਿੱਚ ਤੁਹਾਡੇ ਵਲੋਂ ਨਿਭਾਏ ਕਿਰਦਾਰ ਬੁਲਬੁਲ ਨੂੰ ‘ਰਬ ਨੇ ਬਨਾ ਦੀ ਜੋੜੀ’ ਦੀ ਤਾਨੀ ਜਿਹੀ ਲੋਕਪ੍ਰਿਅਤਾ ਨਹੀਂ ਮਿਲ ਸਕੀ?
- ਦੋ ਫਿਲਮਾਂ ਦਾ ਰਿਜ਼ਲਟ ਭਲਾ ਇੱਕੋ ਜਿਹਾ ਕਿਵੇਂ ਹੋ ਸਕਦਾ ਹੈ? ਹਰ ਫਿਲਮ ਦੀ ਕਹਾਣੀ ਵੱਖਰੀ ਅਤੇ ਹਰ ਫਿਲਮ ਦੀ ਮੇਕਿੰਗ ਦਾ ਅੰਦਾਜ਼ ਵੱਖਰਾ ਹੁੰਦਾ ਹੈ। ਮੈਂ ਇਸ ਪੱਖ ਵਿੱਚ ਵੀ ਨਹੀਂ ਹਾਂ ਕਿ ਕਿਸੇ ਕਲਾਕਾਰ ਦੇ ਨਿਭਾਏ ਕਿਰਦਾਰਾਂ ਦੀ ਤੁਲਨਾ ਹੋਵੇ। ਮੈਨੂੰ ਬੁਲਬੁਲ ਦਾ ਰੋਲ ਵੀ ਓਨਾ ਹੀ ਪਸੰਦ ਹੈ, ਜਿੰਨਾ ਤਾਨੀ ਦਾ ਕਿਰਦਾਰ।
* ਇਹ ਤਾਂ ਮੰਨੋਗੇ ਕਿ ਬੁਲਬੁਲ ਦੇ ਰੋਲ ਨੇ ਤੁਹਾਨੂੰ ਥੋੜ੍ਹਾ ਬਿੰਦਾਸ ਬਣਾ ਦਿੱਤਾ ਹੈ?
-ਬਿੰਦਾਸ ਤਾਂ ਮੈਂ ਸ਼ੁਰੂ ਤੋਂ ਹਾਂ। ਤੁਹਾਨੂੰ ਦੱਸ ਦਿਆਂ ਕਿ ਮੈਂ ਪੰਦਰਾਂ ਸਾਲ ਦੀ ਉਮਰ ਤੋਂ ਐਡ ਫਿਲਮਾਂ ਕਰ ਰਹੀ ਹਾਂ। ਮੈਂ ਗਲੈਮਰ ਵਰਲਡ ਤੋਂ ਪੂਰੀ ਤਰ੍ਹਾਂ ਜਾਣੂ ਹਾਂ। ਅਸਲ ਵਿੱਚ ਬੁਲਬੁਲ ਦੇ ਕਰੈਕਟਰ ਦੀ ਡਿਮਾਂਡ ਸੀ ਕਿ ਮੈਂ ਬਿਕਨੀ ਪਹਿਨਾਂ। ਉਂਝ ਵੀ ਇੱਕੋ ਜਿਹੇ ਰੋਲ ਕਰਨ ਨਾਲ ਬੋਰੀਅਤ ਹੋ ਜਾਂਦੀ ਹੈ। ਇਹ ਮੇਰੇ ਲਈ ਇੱਕ ਵੱਖਰੀ ਕਿਸਮ ਦਾ ਕਿਰਦਾਰ ਸੀ। ਮੈਂ ਖੁੱਲ੍ਹੇ ਦਿਮਾਗ ਦੀ ਕੁੜੀ ਹਾਂ ਅਤੇ ਕੱਪੜਿਆਂ ਤੋਂ ਵੱਧ ਆਪਣੇ ਕਰੈਕਟਰ ‘ਤੇ ਧਿਆਨ ਦਿੰਦੀ ਹਾਂ।
* ਤੁਸੀਂ ਆਰਮੀ ਬੈਕ-ਗਰਾਊਂਡ ਦੇ ਹੋ। ਕੀ ਇਸ ਲਈ ਵੀ ਇਸ ਤਰ੍ਹਾਂ ਦੀ ਬਿੰਦਾਸ ਸੋਚ ਰੱਖਦੇ ਹੋ?
-ਆਰਮੀ ਬੈਕ-ਗ੍ਰਾਊਂਡ ਹੋਣ ਕਾਰਨ ਮੇਰੇ ਵਿੱਚ ਨਿਡਰਤਾ ਤਾਂ ਹੈ ਹੀ, ਆਪਣੀਆਂ ਭੂਮਿਕਾਵਾਂ ਦੇ ਪੱਧਰ ‘ਤੇ ਵੀ ਜੋਖਮ ਲੈ ਸਕਦੀ ਹਾਂ। ਆਰਮੀ ਦੇ ਲੋਕਾਂ ਵਿੱਚ ਜੁਝਾਰੂਪਨ ਹੁੰਦਾ ਹੈ, ਜੋ ਮੇਰੇ ਵਿੱਚ ਕੁੱਟ ਕੁੱਟ ਕੇ ਭਰਿਆ ਹੈ। ਬਾਲੀਵੁੱਡ ਮੇਰੇ ਲਈ ਨਵੀਂ ਜਗ੍ਹਾ ਜ਼ਰੂਰ ਹੈ, ਪਰ ਮੈਂ ਆਸਾਨੀ ਨਾਲ ਇਸ ਇੰਡਸਟਰੀ ਵਿੱਚ ਮੂਵ ਕਰ ਰਹੀ ਹਾਂ।
* ‘ਬੈਂਡ ਬਾਜਾ ਬਾਰਾਤ’ ਯਸ਼ਰਾਜ ਨਾਲ ਤੁਹਾਡੀ ਤੀਜੀ ਫਿਲਮ ਹੈ, ਕੀ ਕਹੋਗੇ?
- ਉਨ੍ਹਾਂ ਨਾਲ ਮੇਰੇ ਬਹੁਤ ਵਧੀਆ ਸੰਬੰਧ ਹਨ, ਕਿਉਂਕਿ ਸਾਡੀ ਵਿਚਾਰਧਾਰਾ ਅਤੇ ਸਿਧਾਂਤ ਇੱਕੋ ਜਿਹੇ ਹਨ। ਉਨ੍ਹਾਂ ਦੇ ਟੈਲੈਂਟ ਦਾ ਮੈਂ ਸਤਿਕਾਰ ਕਰਦੀ ਹਾਂ। ਮੈਂ ਉਨ੍ਹਾਂ ਨਾਲ ਲਗਾਤਾਰ ਦੋ ਸਫਲ ਫਿਲਮਾਂ ਕੀਤੀਆਂ ਹਨ। ਭਾਵੇਂ ਕੁਝ ਲੋਕ ਇਸ ਗੱਲ ਨੂੰ ਸਹੀ ਨਾ ਮੰਨਦੇ ਹੋਣ, ਪਰ ਉਨ੍ਹਾਂ ਦਾ ਸੋਚਣਾ ਗਲਤ ਹੈ। ‘ਰੱਬ ਨੇ…’ ਅਤੇ ‘ਬਦਮਾਸ਼ ਕੰਪਨੀ’ ਦੋਵੇਂ ਸਫਲ ਫਿਲਮਾਂ ਹਨ, ਪਰ ਇਨ੍ਹਾਂ ਤਿੰਨਾਂ ‘ਚੋਂ ਮੇਰੀ ਮਨਪਸੰਦ ਫਿਲਮ ‘ਬੈਂਡ ਬਾਜਾ ਬਾਰਾਤ’ ਹੈ।
* ਕੀ ਤੁਸੀਂ ਆਪਣੀ ਅਸਲ ਜ਼ਿੰਦਗੀ ‘ਚ ਵੀ ਕਦੇ ਕਿਸੇ ਦੀ ਜੋੜੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ?
-ਮੈਂ ਕਦੇ ਅਜਿਹਾ ਕਰ ਹੀ ਨਹੀਂ ਸਕਦੀ। ਮੈਂ ਤਾਂ ਇੰਨੀ ਬੇਵਕੂਫ ਹਾਂ ਕਿ ਜੇ ਮੇਰੇ ਦੋ ਦੋਸਤ ਇੱਕ ਦੂਜੇ ਨੂੰ ਚਾਹੁਣ ਵੀ ਲੱਗੇ ਹੋਣ ਤੇ ਉਹ ਚਾਹੁਣ ਕਿ ਮੈਂ ਉਨ੍ਹਾਂ ਕੋਲ ਨਾ ਰੁਕਾਂ, ਮੈਂ ਫਿਰ ਕਬਾਬ ਵਿੱਚ ਹੱਡੀ ਵਾਂਗ ਉਨ੍ਹਾਂ ਕੋਲ ਬੈਠੀ ਰਹਾਂਗੀ।
* ‘ਪਟਿਆਲਾ ਹਾਊਸ’ ਵਿੱਚ ਆਪਣੀ ਭੂਮਿਕਾ ਬਾਰੇ ਦੱਸੋ?
-‘ਪਟਿਆਲਾ ਹਾਊਸ’ ਦਾ ਨਿਰਦੇਸ਼ਨ ਨਿਖਿਲ ਅਡਵਾਨੀ ਕਰ ਰਹੇ ਹਨ। ਇਹ ਫਿਲਮ ਜੈਨਰੇਸ਼ਨ ਗੈਪ ਬਾਰੇ ਹੈ। ਮੈਂ ਇਸ ਵਿੱਚ ਸਿਮਰਨ ਨਾਂ ਦੀ ਲੜਕੀ ਦਾ ਕਿਰਦਾਰ ਨਿਭਾ ਰਹੀ ਹਾਂ। ਸਿਮਰਨ ਲੰਦਨ ਵਿੱਚ ਪਲੀ ਅਤੇ ਭਾਰਤੀ ਨੌਜਵਾਨਾਂ ਨੂੰ ਇੱਕ ਵੱਖਰੇ ਐਂਗਲ ਤੋਂ ਦੇਖਦੀ ਹੈ। ਕੁਲ ਮਿਲਾ ਕੇ ਇਹ ਇੱਕ ਫਨੀ ਫਿਲਮ ਹੈ।

