ਮੱਲਿਕਾ ਨੂੰ ਝਟਕਾ
On 26 November 2010 in ਫਿਲਮੀਂ
ਬਿਨਾਂ ਕੋਈ ਖਾਸ ਕੰਮ ਕੀਤੇ ਤੋਂ ਹੀ ਮੱਲਿਕਾ ਸ਼ੇਰਾਵਤ ਸੁਰਖੀਆਂ ਵਿੱਚ ਰਹਿੰਦੀ ਹੈ, ਪਰ ਉਸ ਦੀ ਬਹੁਤ ਪ੍ਰਚਾਰਿਤ ਫਿਲਮ ‘ਹਿੱਸ’ ਜਦੋਂ ਰਿਲੀਜ਼ ਹੋਈ ਤਾਂ ਲੋਕਾਂ ਨੇ ਇਸ ਵਿੱਚ ਮੱਲਿਕਾ ਦੇ ਕੰਮ ਦੀ ਕੋਈ ਚਰਚਾ ਨਹੀਂ ਕੀਤੀ। ਭਾਵੇਂ ਟਿਕਟ ਖਿੜਕੀ ‘ਤੇ ਇਹ ਫਿਲਮ ਕੋਈ ਖਾਸ ਕਮਾਲ ਦਿਖਾਉਣ ਵਿੱਚ ਅਸਫਲ ਰਹੀ, ਪਰ ਮੱਲਿਕਾ ‘ਤੇ ਇਸ ਦੀ ਅਸਫਲਤਾ ਦਾ ਕੋਈ ਅਸਰ ਨਹੀਂ ਪਿਆ। ਉਸ ਨੇ ਇਸ ਫਿਲਮ ਵਿੱਚ ਇੱਕ ਨਾਗਨ ਦਾ ਕਿਰਦਾਰ ਨਿਭਾਇਆ ਹੈ, ਜਿਸ ਨੂੰ ਸਿਨੇਮਾ ਆਲੋਚਕਾਂ ਨੇ ਉਸ ਦੀ ਸਭ ਤੋਂ ਖਰਾਬ ਪੇਸ਼ਕਾਰੀ ਦੱਸਿਆ ਹੈ। ਇਸ ਦੇ ਬੋਲਡ ਸੀਨ ਵੀ ਦਰਸ਼ਕਾਂ ਨੂੰ ਹਜ਼ਮ ਨਹੀਂ ਹੋਏ, ਪਰ ਮੱਲਿਕਾ ‘ਤੇ ਇਸ ਸਭ ਦਾ ਕੋਈ ਅਸਰ ਨਹੀਂ। ਉਹ ਸਾਰੀ ਆਲੋਚਨਾ ਨੂੰ ਆਪਣੇ ਹੀ ਅੰਦਾਜ਼ ਵਿੱਚ ਲੈ ਰਹੀ ਹੈ।
ਮੱਲਿਕਾ ਉਨ੍ਹਾਂ ਸਾਰੇ ਲੋਕਾਂ ਨਾਲ ਨਾਰਾਜ਼ਗੀ ਜਤਾ ਰਹੀ ਹੈ, ਜੋ ਇਸ ਫਿਲਮ ਦੀ ਅਸਫਲਤਾ ਨੂੰ ਉਛਾਲ ਰਹੇ ਹਨ। ਉਹ ਇਸ ਗੱਲੋਂ ਆਲੋਚਕਾਂ ਦੀ ਵੀ ਆਲੋਚਨਾ ਕਰਦੀ ਹੈ ਕਿ ਉਹ ਉਸ ਦੀ ਫਿਲਮ ਪ੍ਰਤੀ ਬਹੁਤ ਕੌੜਾ ਰਵੱਈਆ ਅਪਣਾ ਰਹੇ ਹਨ। ਮੱਲਿਕਾ ਬੇਹੱਦ ਡੂੰਘਾਈ ਤੋਂ ਮਹਿਸੂਸ ਕਰ ਰਹੀ ਹੈ ਕਿ ਇਹ ਫਿਲਮ ਬਹੁਤ ਵਧੀਆ ਤਰੀਕੇ ਨਾਲ ਬਣਾਈ ਗਈ ਹੈ ਅਤੇ ਉਸ ਦੇ ਪ੍ਰਸ਼ੰਸਕਾਂ ਨੇ ਇਸ ਫਿਲਮ ਵਿੱਚ ਉਸ ਦੇ ਕਿਰਦਾਰ ਨੂੰ ਸਲਾਹਿਆ ਹੈ। ਆਲੋਚਕਾਂ ਬਾਰੇ ਮੱਲਿਕਾ ਫਰਮਾਉਂਦੀ ਹੈ, ‘ਉਨ੍ਹਾਂ ਨੂੰ ਕੁਝ ਨਹੀਂ ਪਤਾ।’ ਇਥੇ ਹੀ ਬਸ ਨਹੀਂ, ਮੱਲਿਕਾ ਮਹਿਸੂਸ ਕਰਦੀ ਹੈ ਕਿ ਫਿਲਮ ਆਲੋਚਕਾਂ ਨੇ ਆਪਣੀਆਂ ਕਠੋਰ ਟਿੱਪਣੀਆਂ ਰਾਹੀਂ ਉਸ ਦੀ ਫਿਲਮ ਨੂੰ ਨਿੰਦਣ ਦੀ ਕੋਸ਼ਿਸ਼ ਕੀਤੀ ਹੈ। ਉਹ ਕਹਿੰਦੀ ਹੈ, ‘ਇਹ ਮੇਰੇ ਖਿਲਾਫ ਇੱਕ ਸਾਜ਼ਿਸ਼ ਹੈ। ਕਿਸੇ ਫਿਲਮ ਦੀ ਸਫਲਤਾ ਦਰਸ਼ਕਾਂ ‘ਤੇ ਨਿਰਭਰ ਕਰਦੀ ਹੈ, ਆਲੋਚਕਾਂ ‘ਤੇ ਨਹੀਂ।’ ਮੱਲਿਕਾ ਦੀ ਇਸ ਗੱਲ ‘ਤੇ ਕੋਈ ਟਿੱਪਣੀ ਨਾ ਕਰਦਿਆਂ ਅਸੀਂ ਇੰਨਾ ਜ਼ਰੂਰ ਆਖਾਂਗੇ ਕਿ ਉਸ ਕੋਲ ਇਸ ਵੇਲੇ ਹੋਰ ਕੋਈ ਫਿਲਮ ਨਹੀਂ ਹੈ, ਉਸ ਨੂੰ ‘ਹਿੱਸ’ ਤੋਂ ਕਾਫੀ ਆਸਾਂ ਹਨ, ਇਸ ਫਿਲਮ ਦੀ ਅਸਫਲਤਾ ਯਕੀਨਨ ਮੱਲਿਕਾ ਸ਼ੇਰਾਵਤ ਲਈ ਇੱਕ ਝਟਕਾ ਹੈ।

