ਸਖ਼ਤ ਕਾਨੂੰਨਾਂ ਦੇ ਬਾਵਜੂਦ ਕਿਰਾਏ ‘ਤੇ ਕੁੱਖ ਲੈਣ ਦਾ ਰੁਝਾਨ ਜਾਰੀ
On 31 December 2010 in ਕੈਨੇਡਾ
ਟਰਾਂਟੋ, ਸਟਾਰ ਨਿਊਜ਼:- ਕੈਨੇਡੀਅਨ ਕਾਨੂੰਨ ਤਹਿਤ ਸਪਰਮ, ਅੰਡੇ ਦਾਨ ਕਰਨ ਵਾਲੇ ਜਾਂ ਕਿਰਾਏ ਦੀਆਂ ਕੁੱਖਾਂ ਮੁਹੱਈਆ ਕਰਨ ਵਾਲਿਆਂ ਨੂੰ ਪੈਸੇ ਦੇਣਾ ਵਰਜਿਤ ਹੈ । ਪੰਜ ਲੱਖ ਡਾਲਰ ਜੁਰਮਾਨਾ ਜਾਂ 10 ਸਾਲ ਦੀ ਜੇਲ੍ਹ ਦਾ ਡਰ ਵੀ ਕੁੱਖਾਂ ਕਿਰਾਏ ਤੇ ਲੈਣ ਦੇ ਅਮਲ ਨੂੰ ਠੱਲ੍ਹ ਨਹੀਂ ਪਾ ਰਿਹਾ ਸਗੋਂ ਅੰਦਰ ਖਾਤੇ ਇਹ ਸਭ ਚੱਲੀ ਜਾ ਰਿਹਾ ਹੈ । ਅਸਲ ‘ਚ ਜਦ 2004 ‘ਚ ਇਹ ਕਾਨੂੰਨ ਲਾਗੂ ਹੋਇਆ ਤਾਂ ਹੈਲਥ ਕੈਨੇਡਾ ਨੇ ਅੰਡੇ,ਸਪਰਮ ਦਾਨੀਆਂ ਦੀ ਲਿਖਤੀ ਸਹਿਮਤੀ ਨੂੰ ਮੰਨਿਆ ਸੀ । ਪਰ ਕੁਝ ਜ਼ਾਬਤਿਆਂ ਨੂੰ ਲੈਕੇ ਇਹ ਮਾਮਲਾ ਅਜੇ ਵੀ ਅਦਾਲਤ ਵਿਚ ਹੈ । ਇਸ ਮਾਮਲੇ ‘ਚ ਕਈ ਘੁੰਡੀਆਂ ਸੂਬਾਈ ਸਰਕਾਰਾਂ ਦੇ ਹੱਥ ਵਿਚ ਵੀ ਹਨ । ਕੈਨੇਡਾ ‘ਚ ਮਨੁੱਖੀ ਪਿਉਂਦ(ਕਲੋਨਿੰਗ) ਬੈਨ ਹੈ ਅਤੇ ਅਸਿਸਟੈਂਟ ਹਿਊਮਨ ਰੀਪ੍ਰੋਡਕਸ਼ਨ ਐਕਟ ਤਹਿਤ ਭਾਰੀ ਜੁਰਮਾਨੇ ਕੀਤੇ ਜਾ ਸਕਦੇ ਹਨ। ਅਪਰਾਧਿਕ ਮਾਮਲੇ ਸਾਬਤ ਹੋਣ ਤੇ ਢਾਈ ਲੱਖ ਡਾਲਰ ਜੁਰਮਾਨੇ ਜਾਂ ਪੰਜ ਸਾਲ ਦੀ ਜੇਲ੍ਹ ਹੋ ਸਕਦੀ ਹੈ । ਵੱਧ ਤੋਂ ਵੱਧ ਪੰਜ ਲੱਖ ਡਾਲਰ ਜੁਰਮਾਨਾ ਜਾਂ 10 ਸਾਲ ਦੀ ਕੈਦ ਦੀ ਮਦ ਹੈ । ਇਸ ਐਕਟ ਹੇਠ ਕਿਸੇ ਔਰਤ ਵੱਲੋਂ ਅੰਡੇ ਵੇਚਣਾ ਜੁਰਮ ਨਹੀਂ ਪਰ ਅੰਡੇ ਖਰੀਦਣ ਵਾਲਾ ਅਪਰਾਧੀ ਮੰਨਿਆ ਜਾਂਦਾ ਹੈ । ਅੰਡੇ ਦਾਨ ਕਰਨ ਲਈ ਔਰਤ ਨੂੰ ਮਹੀਨਾ ਭਰ ਹਾਰਮੋਨ ਇੰਜੈਕਸ਼ਨਾਂ ਵਾਲੇ ਤਰੀਕੇ ਮਗਰੋਂ ਕੁਝ ਸਰਜਰੀਆਂ ਵਿਚ ਦੀ ਲੰਘਣਾ ਪੈਂਦਾ ਹੈ ।
ਉਕਤ ਐਕਟ ਤਹਿਤ ਜਿਸ ਔਰਤ (ਸੁਰੋਗੇਟ) ਦੀ ਕੁੱਖ ਵਿਚ ਕਿਸੇ ਹੋਰ ਦਾ ਬੱਚਾ ਪਲਣਾ ਹੋਵੇ ਉਸਨੂੰ ਜਣੇਪੇ ਵਿਚ ਲੋੜੀਂਦੀਆਂ ਦਵਾਈਆਂ ਵਿਟਾਮਿਨ ਅਤੇ ਡਾਕਟਰ ਕੋਲ ਆਉਣ ਜਾਣ ਦਾ ਖਰਚਾ ਭਾੜਾ ਦੇਣਾ ਜਾਇਜ਼ ਹੈ ਪਰ ਉਹ ਔਰਤ ਤਨਖਾਹ ਜਾਂ ਭੱਤੇ ਦੇ ਰੂਪ ‘ਚ ਮੋਟੀ ਰਕਮ ਨਹੀਂ ਲੈ ਸਕਦੀ। ਪਰ ਭਾਰਤ ‘ਚ ਇਹ ਸਭ ਚਲਦਾ ਹੈ । ਇਹ ਵੀ ਪਤਾ ਲੱਗਾ ਹੈ ਕਿ ਕੁਝ ਆਨਲਾਈਨ ਏਜੰਸੀਆਂ ਡਾਕਟਰਾਂ ਨਾਲ ਮਿਲ ਕੇ , ਉਕਤ ਔਰਤਾਂ (ਅਕਸਰ ਗਰੀਬ )ਅਤੇ ਔਲਾਦ ਲੋੜਦੇ ਮਾਪਿਆਂ ਦਾ ਦੋਹੀਂ ਹੱਥੀਂ ਸੋਸ਼ਣ ਕਰਦੇ ਹਨ। ਲੋੜਵੰਦ ਕੈਨੇਡੀਅਨ ਜੋੜੇ ਔਲਾਦ ਪ੍ਰਾਪਤੀ ਲਈ ਕਿਰਾਏ ਦੀਆਂ ਕੁੱਖਾਂ ਲਈ ਭਾਰਤ ਆਉਂਦੇ ਹਨ ਜਾਂ ਮੈਕਸੀਕੋ ਅਰਜਨਟਾਈਨਾ,ਸਪੇਨ ਰੋਮਾਨੀਆ ਵਿਚ ਮੁੱਲ ਦੇ ਅੰਡੇ ਲੈਕੇ ‘ਵਿਟਰੋ-ਫਰਟੀਲਾਈਜੇ਼ਸ਼ਨ’ ਕਰਾਉਣ ਜਾਂਦੇ ਹਨ। ਇਹ ਅਮਲ ਜਿੱਥੇ ਸਮਾਜੀ ਤੌਰ ਤੇ ਅਚਾਰੀ ਨਹੀਂ ਸਮਝਿਆ ਜਾਂਦਾ ਉਥੇ ਇਸ ਦਾ ਵਪਾਰੀਕਰਣ ਗਰੀਬ ਔਰਤਾਂ ਦੇ ਸੋਸ਼ਣ ਨੂੰ ਵੀ ਹਵਾ ਦਿੰਦਾ ਹੈ ।
ਅਮਰੀਕਾ ਦੇ ਟੈਕਸਾਸ ਸ਼ਹਿਰ ‘ਚ ਇਕ ਅਜਿਹੀ ਏਜੰਸੀ ਚਲਾੳਂਦੇ ਸਕਾਟ ਦੀਆਂ ਸੁਰੋਗੇਟ ਔਰਤਾਂ ਨੂੰ ਕਿਰਾਏ ਦੀ ਕੁੱਖ ਦੇ 25000 ਡਾਲਰ ਅਤੇ ਹੋਰ ਖਰਚੇ ਮਿਲਦੇ ਹਨ । ਤਕਰੀਬਨ ਏਨਾ ਕੁ ਖਰਚਾ ਭਾਰਤੀ ਏਜੰਸੀਆਂ ਦਸਦੀਆਂ ਹਨ। ਗੁਜਰਾਤ ਦੇ ਆਨੰਦ ਸ਼ਹਿਰ ‘ਚ ਅਕਾਂਖਸ਼ਾ ਸੈਂਟਰ ਚਲਾੳਂਦੀ ਡਾ:ਨੈਨਾ ਪਟੇਲ ਅਨੁਸਾਰ ਸੁਰੋਗੇਸੀ ਨਾਲ ਔਰਤਾਂ ਦੇ ਸਰੀਰ ਤੇ ਬਹੁਤ ਅਸਰ ਪੈਂਦਾ ਹੈ ਪਰ ਔਰਤਾਂ ਮੁੱਖ ਤੌਰ ਤੇ ਇਹ ਸਭ ਪੈਸੇ ਲਈ ਕਰਦੀਆਂ ਹਨ। ਸੜਕਾਂ ਤੇ ਪੱਥਰ ਕੁੱਟਦਿਆਂ ਦਿਨ ਦੇ ਮਸਾਂ ਦੋ ਡਾਲਰ ਕਮਾਉਣ ਵਾਲੀਆਂ ਇਨ੍ਹਾਂ ਕਿਰਾਏ ਦੀਆਂ ਮਾਵਾਂ ਨੂੰ ਇਕ ਜਣੇਪੇ ਦੇ 7 ਤੋਂ 8000 ਡਾਲਰ ਮਿਲਦੇ ਹਨ ।
ਸਕਾਟ ਅਨੁਸਾਰ ਕੈਨੇਡੀਅਨ ਕਾਨੂੰਨ ਨੇ ਬਾਂਝ ਔਰਤਾਂ ਨੂੰ ਬੁਰੀ ਤਰ੍ਹਾਂ ਡਰਾ ਛੱਡਿਆ ਹੈ । ਪਰ ਫਿਰ ਵੀ ਬਹੁਤ ਸਾਰੇ ਲੋੜਵੰਦ ਕੈਨੇਡੀਅਨ ਸਾਰੇ ਖਰਚੇ ਦੇਣ ਨੂੰ ਤਿਆਰ ਹਨ ਭਾਵੇਂ ਕਿ ਉਨ੍ਹਾਂ ਦੇ ਸਿਰ ਤੇ ਜੁਰਮਾਨੇ ਅਤੇ ਜੇਲ੍ਹਾਂ ਦੀ ਤਲਵਾਰ ਲਟਕਦੀ ਹੈ ।

