2011 ਵਿੱਚ ਕੈਨੇਡੀਅਨਾਂ ਤੇ ਪਵੇਗਾ ਟੈਕਸਾਂ ਦਾ ਵਧੇਰੇ ਬੋਝ
On 31 December 2010 in ਕੈਨੇਡਾ
ਸਟਾਰ ਨਿਊਜ਼-ਸਟੌਕ ਬਰੋਕਰਾਂ ਤੋਂ ਲੈ ਕੇ ਆਮ ਲੋਕਾਂ ਤੱਕ ਸਾਰੇ ਕੈਨੇਡੀਅਨ ਕਾਮੇ ਸੰਨ 2011 ਵਿੱਚ ਵਧੇਰੇ ਆਮਦਨ ਅਤੇ ਪੇਅਰੋਲ ਟੈਕਸ ਅਦਾ ਕਰਨਗੇ। ਕੈਨੇਡੀਅਨ ਟੈਕਸਪੇਅਰ ਫੈਡਰੇਸ਼ਨ ਨੇ ਆਪਣੀ ਸਲਾਨਾ ਗਿਣਤੀ ਮਿਣਤੀ ਵਿੱਚ ਇਹ ਖ਼ੁਲਾਸਾ ਕੀਤਾ ਹੈ। ਫੈਡਰੇਸ਼ਨ ਦਾ ਕਹਿਣਾ ਹੈ ਕਿ ਕੈਨੇਡੀਅਨ ਕਾਮੇ ਅਗਲੇ ਸਾਲ ਔਸਤਨ 2 ਫੀਸਦੀ ਵਧੇਰੇ ਟੈਕਸ ਅਦਾ ਕਰਨਗੇ।
ਫੈਡਰੇਸ਼ਨ ਦਾ ਇਹ ਵੀ ਕਹਿਣਾ ਹੈ ਕਿ ਆਪਣੇ ਕੰਮ ਵਾਲੇ ਚੈੱਕਾਂ ਤੇ ਉਨਟਾਰੀਓ ਦੇ ਕਾਮੇ ਸਭ ਤੋਂ ਵੱਡਾ ਬੋਝ ਵੇਖਣਗੇ। ਬੀ.ਸੀ ਅਤੇ ਨੋਵਾ ਸਕੋਸ਼ੀਆ ਦਾ ਸਥਾਨ ਇਸ ਤੋਂ ਬਾਅਦ ਆਉਂਦਾ ਹੈ। ਫੈਡਰੇਸ਼ਨ ਅਨੁਸਾਰ ਉਕਤ ਤਿੰਨ ਸੂਬੇ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਪਰ ਪੂਰੇ ਕੈਨੇਡਾ ਦੀ ਗ਼ਰੀਬ ਕਾਮੇ ਇਸ ਦੀ ਗੰਭੀਰ ਮਾਰ ਹੇਠ ਆਉਣਗੇ।
ਲੰਘੇ ਵਰ੍ਹੇ ਵਿੱਚ ਕੁਝ ਜੇਤੂ ਵੀ ਰਹੇ ਹਨ ਅਤੇ ਕੁਝ ਹਾਰੇ ਵੀ ਹਨ। ਅਜਿਹਾ ਨਿਰਭਰ ਕਰਦਾ ਸੀ ਉਹਨਾਂ ਦੀ ਪ੍ਰੀਵਾਰਿਕ ਆਮਦਨ ਤੇ ਅਤੇ ਕਿਹੜੇ ਸੂਬੇ ਵਿੱਚ ਰਹਿੰਦੇ ਹਨ। ਫੈਡਰੇਸ਼ਨ ਦੇ ਰਾਸ਼ਟਰੀ ਡਾਇਰੈਕਟਰ ਡੈਰਿਕ ਫਾਈਲਡਬਰਾਂਟ ਦਾ ਕਹਿਣਾ ਹੈ ਕਿ ਆਉਂਦੇ ਸਾਲ ਹਰ ਕੈਨੇਡੀਅਨ ਪ੍ਰਭਾਵਿਤ ਹੋਵੇਗਾ, ਚਾਹੇ ਕੋਈ ਥੋੜ੍ਹਾ ਅਤੇ ਕੋਈ ਜਿ਼ਆਦਾ।
ਫੈਡਰੇਸ਼ਨ ਦੀ ਸਲਾਨਾ ਖੋਜ ਕਹਿੰਦੀ ਹੈ ਕਿ ਹਰ ਕਾਮਾ ਵਧੇਰੇ ਟੈਕਸ ਅਦਾ ਤਾਂ ਕਰੇਗਾ ਹੀ ਪਰ ਜਿੰਨ੍ਹਾਂ ਸੂਬਿਆਂ ਵਿੱਚ ਮਹਿੰਗਾਈ ਦਰ ਰਾਸ਼ਟਰੀ ਦਰ ਨਾਲੋਂ ਵਧੇਰੇ ਹੈ ਉਸ ਸੂਬੇ ਦੇ ਕਾਮੇ ਵਧੇਰੇ ਟੈਕਸ ਅਦਾ ਕਰਨਗੇ। ਖੋਜ ਵਿੱਚ ਸਾਹਮਣੇ ਆਇਆ ਹੈ ਕਿ ਉਨਟਾਰੀਓ ਦੇ ਲੋਕ 4.3 ਫੀਸਦੀ ਜਦੋਂ ਕਿ ਬੀ.ਸੀ ਅਤੇ ਨੋਵਾ ਸਕੋਸ਼ੀਆ ਦੇ ਕਾਮੇ 2.9 ਫੀਸਦੀ ਵਧੇਰੇ ਟੈਕਸ ਅਦਾ ਕਰਨਗੇ।
ਰਾਸ਼ਟਰੀ ਪੱਧਰ ਤੇ ਬੇਰੁਜ਼ਗਾਰੀ ਭੱਤਾ (ਈ.ਆਈ) ਜ਼ਾਲਿਮ ਬਣ ਗਿਆ ਹੈ। ਫੈਡਰਲ ਸਰਕਾਰ ਨੇ ਨਵੇਂ ਸਮਾਜਿਕ ਪ੍ਰੋਗਰਾਮ ਸ਼ੁਰੂ ਕੀਤੇ ਹਨ ਜੋ ਈ.ਆਈ ਪ੍ਰੀਮੀਅਰ ਰਾਹੀਂ ਚਲਾਏ ਜਾਣਗੇ। ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਵਿੱਤ ਵਿਭਾਗ ਦੇ ਬੁਲਾਰੇ ਕਿਸ਼ੌਲਮ ਪੋਥੀਅਰ ਨੇ ਪ੍ਰਧਾਨ ਮੰਤਰੀ ਦੇ ਈ.ਆਈ ਰਿਕਾਰਡ ਨੂੰ ਸਹੀ ਠਹਿਰਾਇਆ ਹੈ। ਪੋਥੀਅਰ ਨੇ ਆਪਣੀ ਈਮੇਲ ਵਿਚ ਲਿਖਿਆ ਹੈ ਕਿ ਹਾਰਪਰ ਸਰਕਾਰ ਟੈਕਸ ਵਧਾਉਣ ਦੇ ਹੱਕ ਵਿੱਚ ਨਹੀਂ ਹੈ। ਅਜਿਹਾ ਅਸੀਂ ਸਿੱਧ ਵੀ ਕੀਤਾ ਹੈ। 100 ਟੈਕਸ ਕੱਟ ਕੀਤੇ ਹਨ ਅਤੇ ਔਸਤਨ ਪ੍ਰੀਵਾਰ ਦੇ ਟੈਕਸਾਂ ਵਿੱਚ 3000 ਡਾਲਰ ਸਲਾਨਾ ਦੀ ਕਟੌਤੀ ਕੀਤੀ ਹੈ। ਉਸ ਨੇ ਅੱਗੇ ਦੱਸਿਆ ਕਿ ਈ.ਆਈ ਪ੍ਰੀਮੀਅਮ ਵੀ ਸਰਕਾਰ ਨੇ ਹੇਠਾਂ ਰੱਖ ਕੇ ਰੇਟ ਫਰੀਜ਼ ਕੀਤੇ ਹਨ।
ਵਿੱਤ ਮੰਤਰੀ ਜਿੱਮ ਫਲਾਰਟੀ ਨੇ ਮੰਗਲਵਾਰ ਨੂੰ ਟੈਕਸ ਘੱਟ ਕਰਨ ਸਬੰਧੀ ਸਟੇਟਮੈਂਟ ਜਾਰੀ ਕੀਤੀ ਹੈ। ਪਰ ਇਸ ਵਿੱਚ ਸਿਰਫ ਕਾਰਪੋਰੇਟ ਟੈਕਸ ਘੱਟ ਕਰਨ ਦੀ ਗੱਲ ਕਹੀ ਗਈ ਹੈ।
ਬੀ.ਸੀ ਸੂਬਾ ਸਾਲ ਦੇ ਮੱਧ ਤੋਂ ਹੀ ਟੈਕਸ ਚੱਕਰ ਵਿੱਚ ਫਸਿਆ ਹੋਇਆ ਹੈ। ਜੁਲਾਈ ਇੱਕ ਤੋਂ ਨਵਾਂ ਹਾਰਮੋਨਾਈਜ਼ਡ ਸੇਲਜ਼ ਟੈਕਸ ਲਾਗੂ ਕੀਤਾ ਗਿਆ ਹੈ ਜਿਸ ਅਧੀਨ ਬੀ.ਸੀ ਦੇ ਲੋਕਾਂ ਨੂੰ ਕੁਝ ਵਸਤਾਂ ਤੇ 7 ਫੀਸਦੀ ਵਧੇਰੇ ਟੈਕਸ ਅਦਾ ਕਰਨਾ ਪੈ ਰਿਹਾ ਹੈ। ਇਸ ਦੇ ਭਵਿੱਖ ਦਾ ਫੈਸਲਾ ਅਗਲੇ ਸਾਲ ਹੋਣ ਵਾਲੀ ਮਰਦਮਸ਼ੁਮਾਰੀ ਰਾਹੀਂ ਹੋਵੇਗਾ।
ਆਪਣਾ ਅਹੁਦਾ ਤਿਆਗਣ ਦਾ ਐਲਾਨ ਕਰਨ ਤੋਂ ਪਹਿਲਾਂ ਪ੍ਰੀਮੀਅਰ ਗੋਰਡਨ ਕੈਂਬਲ ਨੇ 15 ਫੀਸਦੀ ਨਿੱਜੀ ਇਨਕਮ ਟੈਕਸ ਛੋਟ ਦੇਣ ਦੀ ਗੱਲ ਕਹੀ ਸੀ। ਥੋੜ੍ਹੇ ਸਮੇਂ ਬਾਅਦ ਹੀ ਲਿਬਰਲ ਸਰਕਾਰ ਇਸ ਤੋਂ ਵੀ ਪਿੱਛੇ ਹਟ ਗਈ। ਵੈਨਕੂਵਰ ਇਲਾਕੇ ਦੇ ਅਧਿਆਪਕ ਜਿੱਮ ਮੇਅ ਜਿਸ ਦੀ ਪਤਨੀ ਨਰਸ ਹੈ ਦਾ ਕਹਿਣਾ ਹੈ ਕਿ ਸਾਡੀਆਂ ਜੇਬਾਂ ਤੇ ਹੋਰ ਬੋਝ ਪਵੇ ਇਹ ਅਸੀਂ ਅਖੀਰ ਤੱਕ ਨਹੀਂ ਵੇਖਣਾ ਚਾਹੁੰਦੇ।

