ਕਰੀਨਾ – ਕੈਟਰੀਨਾ ’ਚ ਖਿਚੋਤਾਣ ਵਧੀ
On 27 January 2011 in ਫਿਲਮੀਂ
ਫਿਲਮ ਨਗਰੀ ਵਿੱਚ ਪੈਰ ਰੱਖਦਿਆਂ ਹੀ ਸਾਰੀਆਂ ਅਭਿਨੇਤਰੀਆਂ ਟੌਪ ‘ਤੇ ਪਹੁੰਚਣ ਦੀ ਇੱਛਾ ਰੱਖਦੀਆਂ ਹਨ, ਪਰ ਉਸ ਦੇ ਬਾਵਜੂਦ ਕਹਿੰਦੀਆਂ ਹਨ ਕਿ ਉਨ੍ਹਾਂ ਨੂੰ ਨੰਬਰ ਗੇਮ ਨਾਲ ਕੋਈ ਵਾਸਤਾ ਨਹੀਂ ਹੈ। ਜਿਵੇਂ ਹੀ ਉਨ੍ਹਾਂ ਦੀਆਂ ਫਿਲਮਾਂ ਹਿੱਟ ਹੋਣ ਲੱਗਦੀਆਂ ਹਨ, ਉਹ ਨੰਬਰ ਵੰਨ ਦੀ ਹੋੜ ਵਿੱਚ ਸਭ ਤੋਂ ਅੱਗੇ ਹੋ ਜਾਂਦੀਆਂ ਹਨ। ਪਿਛਲੇ ਕੁਝ ਸਮੇਂ ਤੋਂ ਕਰੀਨਾ ਕਪੂਰ ਨੰਬਰ ਵੰਨ ਦੀ ਦੌੜ ਵਿੱਚ ਸਭ ਤੋਂ ਅਗਾਂਹ ਚੱਲ ਰਹੀ ਹੈ। ਕੈਟਰੀਨਾ ਕੈਫ ਇੱਕ ਅਜਿਹੀ ਅਭਿਨੇਤਰੀ ਹੈ, ਜੋ ਇਸ ਸਾਲ ਆਪਣੇ ਕੰਮ ਦੇ ਦਮ ‘ਤੇ ਨੰਬਰ ਗੇਮ ਵਿੱਚ ਕਰੀਨਾ ਦੇ ਲਗਭਗ ਨੇੜੇ ਆ ਗਈ ਹੈ। ਉਸ ਦੀਆਂ ਲਗਭਗ ਸਾਰੀਆਂ ਫਿਲਮਾਂ ਨੇ ਬਾਕਸ ਆਫਸ ‘ਤੇ ਚੰਗੀ ਕਮਾਈ ਕੀਤੀ ਹੈ। ਹੁਣ ਇਸ ਸਮੇਂ ਕਰੀਨਾ ਅਤੇ ਕੈਟਰੀਨਾ ਵਿੱਚ ਨੰਬਰ ਵੰਨ ਦੀ ਲੜਾਈ ਚੱਲ ਰਹੀ ਹੈ। ਕਰੀਨਾ ਉਸ ਸਥਾਨ ‘ਤੇ ਪਹੁੰਚ ਗਈ ਹੈ, ਜਿੱਥੇ ਕੈਟਰੀਨਾ ਉਸ ਸਥਾਨ ਨੂੰ ਛੂਹਣ ਹੀ ਵਾਲੀ ਹੈ। ਇਸੇ ਕਰ ਕੇ ਦੋਵਾਂ ਅਭਿਨੇਤਰੀਆਂ ਵਿੱਚ ਸੀਤ ਯੁੱਧ ਦੀ ਝਲਕ ਆਸਾਨੀ ਨਾਲ ਦੇਖੀ ਜਾ ਸਕਦੀ ਹੈ। ਕਰੀਨਾ ਅਤੇ ਕੈਟਰੀਨਾ ਵਿੱਚ ਇੱਕ ਸਮਾਨਤਾ ਹੈ ਕਿ ਦੋਵੇਂ ਆਪਣਾ ਸਥਾਨ ਬਣਾਈ ਰੱਖਣ ਲਈ ਸਿਰਫ ਵੱਡੇ ਕਲਾਕਾਰਾਂ ਨਾਲ ਕੰਮ ਕਰਦੀਆਂ ਹਨ। ਇਸੇ ਕਾਰਨ ਚੰਗੀਆਂ ਫਿਲਮਾਂ ਪਾਉਣ ਦੀ ਦੌੜ ਵਿੱਚ ਦੋਵਾਂ ਵਿਚਾਲੇ ਗਲਾ-ਕੱਟ ਮੁਕਾਬਲਾ ਵੀ ਸਪੱਸ਼ਟ ਹੈ।
ਇਹ ਠੰਢਾ ਯੁੱਧ ਬਹੁਤ ਛੇਤੀ ਹਿੰਸਕ ਰੂਪ ਲੈਣ ਜਾ ਰਿਹਾ ਹੈ। ਇਸ ਦਾ ਕਾਰਨ ਹੈ ਕਰੀਨਾ ਦੀ ਸਲਮਾਨ ਖਾਨ ਨਾਲ ਸਾਈਨ ਕੀਤੀ ਹੋਈ ਫਿਲਮ ‘ਬਾਡੀਗਾਰਡ’। ਫਿਲਮ ‘ਵਾਂਟਿਡ’ ਅਤੇ ‘ਦਬੰਗ’ ਈਦ ‘ਤੇ ਰਿਲੀਜ਼ ਕਰਨ ਪਿੱਛੋਂ ਸਲਮਾਨ ਇਸ ਸਾਲ ਈਦ ‘ਤੇ ਹੀ ਫਿਲਮ ‘ਬਾਡੀਗਾਰਡ’ ਰਿਲੀਜ਼ ਕਰਨਾ ਚਾਹੁੰਦਾ ਹੈ। ‘ਦਬੰਗ’ ਦੇ ਹਿੱਟ ਹੋਣ ਪਿੱਛੋਂ ਇਸ ਫਿਲਮ ਤੋਂ ਸਲਮਾਨ ਨੂੰ ਬਹੁਤ ਆਸਾਂ ਹਨ ਤੇ ਉਹ ਪੂਰਾ ਧਿਆਨ ਇਸ ਫਿਲਮ ‘ਤੇ ਦੇ ਰਿਹਾ ਹੈ। ਕਰੀਨਾ ਨੂੰ ਜਦੋਂ ਇਸ ਫਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਹ ਬਹੁਤ ਖੁਸ਼ ਸੀ, ਪਰ ਜਦੋਂ ਕੈਟਰੀਨਾ ਨੇ ਦੱਸਿਆ ਕਿ ਪਹਿਲਾਂ ਇਸ ਫਿਲਮ ਦੀ ਪੇਸ਼ਕਸ਼ ਉਸ ਨੂੰ ਮਿਲੀ ਸੀ ਅਤੇ ਡੇਟਸ ਨਾ ਮਿਲਣ ਕਾਰਨ ਉਸ ਨੂੰ ਫਿਲਮ ਛੱਡਣੀ ਪਈ ਤਾਂ ਕਰੀਨਾ ਦੀ ਖੁਸ਼ੀ ਦੂਰ ਹੋ ਗਈ।
ਹੁਣ ਇਨ੍ਹਾਂ ਦੋ ਅਭਿਨੇਤਰੀਆਂ ਕਾਰਨ ਬਾਲੀਵੁੱਡ ਵਿੱਚ ਦੋ ਧੜਿਆਂ ਦਾ ਨਿਰਮਾਣ ਹੋ ਗਿਆ। ਕੈਟਰੀਨਾ ਨੂੰ ਅਦਿੱਤਯ ਚੋਪੜਾ ਅਤੇ ਫਰਹਾ ਖਾਨ ਵਰਗੇ ਫਿਲਮਕਾਰਾਂ ਦਾ ਸਹਾਰਾ ਮਿਲਿਆ ਹੈ, ਜਦ ਕਿ ਕਰੀਨਾ ਨੂੰ ਕਰਨ ਜੌਹਰ, ਸੈਫ ਅਲੀ ਖਾਨ, ਸ਼ਾਹਰੁਖ ਖਾਨ ਅਤੇ ‘ਗੋਲਮਾ-3′ ਦੇ ਹਿੱਟ ਹੋਣ ਪਿੱਛੋਂ ਰੋਹਿਤ ਸ਼ੈਟੀ ਦਾ ਸਾਥ ਮਿਲ ਗਿਆ ਹੈ। ਇਸ ਸਾਲ ਦੋਵਾਂ ਅਭਿਨੇਤਰੀਆਂ ਵਿੱਚ ਵਧੇਰੇ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਕੈਟਰੀਨਾ ‘ਮੇਰੇ ਬ੍ਰਦਰ ਕੀ ਦੁਲਹਨ’ ਅਤੇ ‘ਜ਼ਿੰਦਗੀ ਮਿਲੇਗੀ ਨਾ ਦੋਬਾਰਾ’ ਦੀ ਬੜੀ ਉਤਸੁਕਤਾ ਨਾਲ ਉਡੀਕ ਕਰ ਰਹੀ ਹੈ, ਜਦ ਕਿ ਕਰੀਨਾ ਸਲਮਾਨ ਖਾਨ ਨਾਲ ‘ਬਾਡੀਗਾਰਡ’, ‘ਸ਼ਾਹਰੁਖ ਖਾਨ ਨਾਲ ‘ਰਾ ਵਨ’ ‘ਚ, ਸੈਫ ਅਲੀ ਖਾਨ ਨਾਲ ‘ਏਜੰਟ ਵਿਨੋਦ’ ‘ਚ ਨਜ਼ਰ ਆਏਗੀ। ਇਨ੍ਹਾਂ ਫਿਲਮਾਂ ‘ਚੋਂ ਜਿਸ ਦੀਆਂ ਫਿਲਮਾਂ ਵਧੇਰੇ ਹਿੱਟ ਹੋ ਜਾਣਗੀਆਂ, ਉਹੀ 2011 ਦੀ ਨੰਬਰ ਵੰਨ ਹੀਰੋਇਨ ਬਣੇਗੀ। ਇਹ ਤਾਂ ਤੈਅ ਹੈ।


