ਟੈਕਸ ਘੱਟ ਕਰਨ ਨੂੰ ਤਰਜੀਹ ਦੇਵਾਂਗੇ-ਹਾਰਪਰ
On 31 March 2011 in ਵਿਸ਼ੇਸ਼ ਰਿਪੋਰਟ
ਸਟਾਰ ਨਿਊਜ਼-ਕੰਜ਼ਰਵਟਿਵ ਨੇਤਾ ਸਟੀਫਨ ਹਾਰਪਰ ਨੇ ਬੁੱਧਵਾਰ ਨੂੰ ਇੱਕ ਵਾਰ ਫਿਰ ਬਰੈਂਪਟਨ ਪਹੁੰਚੇ ਬਰੈਂਪਟਨ-ਸਪਰਿੰਗਡੇਲ ਹਲਕੇ ਵਿੱਚ ਵਿਸ਼ੇਸ਼ ਤੌਰ ਪਹੁੰਚੇ ਅਤੇ ਇੱਕ ਪੰਜਾਬੀ ਪਰਿਵਾਰ ਦੇ ਘਰ ਭਾਰਤ ਪਾਕਿਸਤਾਨ ਦਾ ਕ੍ਰਿਕਿਟ ਮੈਚ ਵੀ ਦੇਖਿਆ। ਬਰੈਂਪਟਨ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕੈਨੇਡੀਅਨ ਪ੍ਰੀਵਾਰਾਂ ਦੇ ਟੈਕਸ ਘੱਟ ਕਰਨ ਤੇ ਜ਼ੋਰ ਦਿੱਤਾ ਹੈ। ਇਸ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਕਰਨਾ ਕੈਨੇਡੀਅਨ ਪ੍ਰੀਵਾਰਾਂ ਅਤੇ ਆਰਥਿਕਤਾ ਲਈ ਜ਼ਰੂਰੀ ਹੈ। ਦੂਜੇ ਪਾਸੇ ਉਹਨਾਂ ਦੇ ਪ੍ਰਮੁੱਖ ਵਿਰੋਧੀ ਲਿਬਰਲ ਨੇਤਾ ਮਾਈਕਲ ਇਗਨਾਟੀਅਫ ਨੇ ਬਜ਼ੁਰਗਾਂ ਦੀ ਇੱਜ਼ਤਦਾਰ ਸੇਵਾਮੁਕਤੀ ਤੇ ਜ਼ੋਰ ਦਿੱਤਾ ਹੈ।
ਫੈਡਰਲ ਚੋਣ ਕੰਪੇਨ ਦੇ ਪੰਜਵੇਂ ਦਿਨ ਹਾਰਪਰ ਨੇ ਕਿਹਾ ਕਿ ਕੈਨੇਡੀਅਨ ਆਰਥਿਕਤਾ ਮਾੜੇ ਦੌਰ ਵਿੱਚ ਵਧੀਆ ਅਕਾਰ ਵਿੱਚ ਬਾਹਰ ਆ ਰਹੀ ਹੈ ਅਤੇ ਕਾਰੋਬਾਰੀ ਅਦਾਰੇ ਇਨਵੈਸਟਮੈਂਟ ਕਰਨ ਲਈ ਪੱਬਾਂ ਭਾਰ ਹਨ ਕਿਉਂ ਕਿ ਕੈਨੇਡਾ ਵਿੱਚ ਕਾਰਪੋਰੇਟ ਟੈਕਸ ਬਾਕੀ ਮੁਲਕਾਂ ਦੇ ਮੁਕਾਬਲੇ ਦਾ ਹੋ ਗਿਆ ਹੈ।
ਆਪਣੇ ਵਿਰੋਧੀਆਂ ਤੋਂ ਵੱਖਰੀ ਸੁਰ ਰੱਖਦਿਆਂ ਹਾਰਪਰ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਨੌਕਰੀਆਂ ਨੂੰ ਬਚਾਉਣ ਅਤੇ ਨਵੀਆਂ ਨੌਕਰੀਆਂ ਦੀ ਪੈਦਾਵਾਰ ਵਧਾਉਣ ਲਈ ਟੈਕਸ ਘੱਟ ਰੱਖੇਗੀ। ਉਹਨਾਂ ਕਿਹਾ ਕਿ ਆ ਰਹੀ ਚੋਣ ਕੈਨੇਡੀਅਨਾਂ ਨੂੰ ਮੌਕਾ ਦੇਵੇਗੀ ਕਿ ਉਹ ਕਿਸ ਤਰ੍ਹਾਂ ਦੀ ਸਰਕਾਰ ਚੁਣਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਲੋਕਾਂ ਅੱਗੇ ਸਾਫ ਚੋਣ ਹੈ ਕਿ ‘ਸਥਿਰਤਾ ਅਤੇ ਘੱਟ ਟੈਕਸ ਜਾਂ ਅਸਥਿਰਤਾ ਅਤੇ ਵਧੇਰੇ ਟੈਕਸ।’
ਲਿਬਰਲ ਨੇਤਾ ਮਾਈਕਲ ਇਗਨਾਟੀਅਫ ਨੇ ਆਪਣਾ ਪੰਜਵਾਂ ਦਿਨ ਵੈਨਕੂਵਰ ਤੋਂ ਸ਼ੁਰੂ ਕੀਤਾ ਜਿੱਥੇ ਉਹਨਾਂ ਬਜ਼ੁਰਗਾਂ ਦੀ ਪੈਨਸ਼ਨ ਵਧਾਉਣ ਦਾ ਐਲਾਨ ਕੀਤਾ ਤਾਂ ਜੋ ਕੈਨੇਡੀਅਨ ਆਪਣੇ ਸੇਵਾ ਮੁਕਤੀ ਦੇ ਸਾਲਾਂ ਲਈ ਤਿਆਰ ਹੋ ਸਕਣ। ਇਗਨਾਟੀਅਫ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਪੈਨਸ਼ਨ ਸਿਸਟਮ ਨੂੰ ਮਜਬੂਤ ਕਰੇਗੀ। ਅਜਿਹਾ ਘੱਟ ਕੀਮਤ, ਘੱਟ ਰਿਸਕ, ਟੈਕਸ ਕੱਟ ਵਾਲਾ ਢਾਂਚਾ ਤਿਆਰ ਕਰਕੇ ਕੀਤਾ ਜਾਵੇਗਾ ਜੋ ਕਿ ਕੈਨੇਡਾ ਪੈਨਸ਼ਨ ਪਲੈਨ ਇਨਵੈਸਟਮੈਂਟ ਬੋਰਡ ਵੱਲੋਂ ਚਲਾਇਆ ਜਾਂਦਾ ਹੈ। ਇਸ ਨਾਲ਼ ਬਜ਼ੁਰਗਾਂ ਨੂੰ ਆਪਣੀ ਆਮਦਨ ਦਾ 10 ਫੀਸਦੀ ਹਿੱਸਾ ਇਨਵੈਸਟ ਕਰਨ ਦਾ ਮੌਕਾ ਮਿਲੇਗਾ। ਉਹਨਾਂ ਨੇ ਯਕੀਨੀ ਆਮਦਨੀ ਭੱਤੇ ਵਿੱਚ ਵੀ 700 ਮਿਲੀਅਨ ਡਾਲਰ ਖ਼ਰਚਣ ਦਾ ਵਾਅਦਾ ਕੀਤਾ। ਮਾਈਕਲ ਨੇ ਮੌਜੂਦਾ ਸੀ.ਪੀ.ਪੀ ਢਾਂਚੇ ਵਿੱਚ ਵੀ ਸੁਧਾਰ ਕਰਨ ਦਾ ਐਲਾਨ ਕੀਤਾ।
ਇਗਨਾਟੀਅਫ ਨੇ ਕਿਹਾ ਕਿ ਹਾਰਪਰ ਇਸ ਕੰਪੇਨ ਵਿੱਚ ਹਰ ਗੱਲ ਨੂੰ ਡਰਾਉਣੀ ਬਣਾਉਣ ਦੀ ਕੋਸਿ਼ਸ਼ ਕਰ ਰਹੇ ਹਨ ਜਦਕਿ ਉਹ ਡਰ ਭਜਾਉਣ ਲਈ ਸਿਆਸਤ ਵਿੱਚ ਹਨ। ਕੈਨੇਡੀਅਨਾਂ ਨੂੰ ਡਰ ਹੈ ਕਿ ਕੀ ਮੇਰੇ ਕੋਲ ਕੈਨੇਡੀਅਨਾਂ ਦੀ ਸੇਵਾਮੁਕਤੀ ਨੂੰ ਇੱਜ਼ਤਦਾਰ ਬਣਾਉਣ ਲਈ ਧਨ ਹੈ? ਮਾਈਕਲ ਨੇ ਕਿਹਾ ਕਿ ਉਹ ਇਸੇ ਲਈ ਅੱਜ ਇਹ ਵਾਅਦਾ ਕਰ ਰਹੇ ਹਾਂ।
ਇਗਨਾਟੀਅਫ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਆਮ ਪ੍ਰੀਵਾਰਾਂ ਦੇ ਟੈਕਸ ਨਹੀਂ ਵਧਾਏਗੀ।
ਓਧਰ ਐੱਨ.ਡੀ.ਪੀ ਨੇਤਾ ਜੈਕ ਲੇਅਟਨ ਨੇ ਵੀ ਹਾਰਪਰ ਦੀ ਜੁੱਤੀ ਵਿੱਚ ਪੈਰ ਧਰਦਿਆਂ ਕਿਹਾ ਕਿ ਉਹ ਵੀ ਛੋਟੇ ਕਾਰੋਬਾਰਾਂ ਦੇ ਟੈਕਸ ਘਟਾਉਣ ਦੇ ਹੱਕ ਵਿੱਚ ਹਨ ਕਿਉਂ ਕਿ ਉਹ ਵਧੇਰੇ ਨੌਕਰੀਆਂ ਪੈਦਾ ਕਰਦੇ ਹਨ। ਬੁੱਧਵਾਰ ਨੂੰ ਔਸ਼ਵਾ, ਉਨਟਾਰੀਓ ਵਿੱਚ ਬੋਲਦਿਆਂ ਲੇਅਟਨ ਨੇ ਕਿਹਾ ਕਿ ਕੈਨੇਡਾ ਵਿੱਚ ਤਕਰੀਬਨ ਅੱਧੀਆਂ ਨੌਕਰੀਆਂ ਛੋਟੀਆਂ ਸਨਅਤਾਂ ਪੈਦਾ ਕਰਦੀਆਂ ਹਨ ਜਿੰਨਾਂ ਨੂੰ ਉੱਪਰ ਚੁੱਕੇ ਜਾਣ ਦੀ ਜ਼ਰੂਰਤ ਹੈ ਅਤੇ ਇਹਨਾਂ ਦੇ ਟੈਕਸ ਘੱਟ ਕਰਨੇ ਉਹਨਾਂ ਦਾ ਮਨੋਰਥ ਹੈ।
ਐੱਨ.ਡੀ.ਪੀ ਦੀ ਯੋਜਨਾ ਹੈ ਕਿ ਛੋਟੀਆਂ ਸਨਅਤਾਂ ਦਾ 2 ਫੀਸਦੀ ਟੈਕਸ ਘਟਾ ਕੇ 9 ਫੀਸਦੀ ਤੇ ਲਿਆਂਦਾ ਜਾਵੇ। ਇਸ ਤੋਂ ਇਲਾਵਾ ਐੱਨ.ਡੀ.ਪੀ ਸਰਕਾਰ ਇੱਕ ਨਵੀਂ ਨੌਕਰੀ ਪੈਦਾ ਕਰਨ ਬਦਲੇ ਛੋਟੀ ਸਨਅਤ ਨੂੰ 4500 ਡਾਲਰ ਦਾ ਟੈਕਸ ਕਰੈਡਿਟ ਦੇਵੇਗੀ।


