ਅਮੈਰਿਕਾ ਇੱਕ ਤਿਹਾਈ ਤੇਲ ਬਰਾਮਦਗੀ ਘਟਾਵੇਗਾ-ਓਬਾਮਾ
On 31 March 2011 in ਕੈਨੇਡਾ
ਸਟਾਰ ਨਿਊਜ਼-ਅਮੈਰਿਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਐਲਾਨ ਕੀਤਾ ਹੈ ਕਿ ਸੰਨ 2025 ਤੱਕ ਅਮੈਰਿਕਾ ਮੁਲਕ ਵਿੱਚ ਇੱਕ ਤਿਹਾਈ ਤੇਲ ਦੀ ਬਰਾਮਦਗੀ ਘਟਾਵੇਗਾ। ਓਬਾਮਾ ਨੇ ਆਪਣਾ ਇਹ ਐਲਾਨ ਆਪਣੀ ਅਨਰਜੀ ਨੀਤੀ ਤਹਿਤ ਕੀਤਾ ਹੈ। ਓਬਾਮਾ ਦਾ ਕਹਿਣਾ ਹੈ ਕਿ ਅਮੈਰਿਕਾ ਸਾਫ ਜਲਣਸ਼ੀਲ ਬਾਲਣ ਵੱਲ ਨੂੰ ਵਧ ਰਿਹਾ ਹੈ।
ਵਸਿ਼ੰਗਟਨ ਵਿੱਚ ਜੌਰਜਟਾਊਨ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਓਬਾਮਾ ਨੇ ਆਪਣਾ ਨਿਸ਼ਾਨਾ ਮਿਡਲ ਈਸਟ ਤੋਂ ਆਉਣ ਵਾਲੇ ਤੇਲ ਨੂੰ ਬਣਾਇਆ ਹੈ। ਓਬਾਮਾ ਨੇ ਕਿਹਾ ਕਿ ਉਹ ਇਹ ਗੋਲ ਇਹ ਜਾਣਦਿਆਂ ਸੈੱਟ ਕਰ ਰਹੇ ਹਨ ਕਿ ਮਿਡਲ ਈਸਟ ਤੋਂ ਬਰਾਮਦ ਹੁੰਦਾ ਤੇਲ ਕੁਝ ਸਮੇਂ ਲਈ ਕਾਫੀ ਅਹਿਮ ਹੈ। ਉਹਨਾਂ ਕਿਹਾ ਕਿ ਤੇਲ ਬਰਾਮਦਗੀ ਦੀ ਗੱਲ ਆਉਂਦੀ ਹੈ ਤਾਂ ਇਹ ਅਸੀਂ ਬਾਕੀ ਮੁਲਕਾਂ ਤੋਂ ਮੰਗਵਾਉਂਦੇ ਹਾਂ। ਇਸ ਲਈ ਅਸੀਂ ਗੁਆਂਢੀਆਂ ਜਿਵੇਂ ਕੈਨੇਡਾ, ਮੈਕਸੀਕੋ ਅਤੇ ਬ੍ਰਾਜ਼ੀਲ ਦੇ ਭਾਈਵਾਲ ਬਣ ਸਕਦੇ ਹਾਂ। ਇਹਨਾਂ ਨੇ ਤੇਲ ਦੇ ਵੱਡੇ ਸੋਮੇ ਲੱਭੇ ਹਨ ਅਤੇ ਬਦਲੇ ਵਿੱਚ ਅਸੀਂ ਇਹਨਾਂ ਮੁਲਕਾਂ ਨਾਲ਼ ਆਪਣੀ ਤਕਨਾਲੋਜੀ ਸਾਂਝੀ ਕਰ ਸਕਦੇ ਹਾਂ। ਅਜਿਹਾ ਕਿਵੇਂ ਕਰਨਾ ਹੈ ਉਹ ਸਾਨੂੰ ਪਤਾ ਹੈ।
ਅਮੈਰਿਕਾ ਦੀ ਤੇਲ ਬਰਾਮਦਗੀ ਲਈ ਕੈਨੇਡਾ ਵੱਡਾ ਸਰੋਤ ਹੈ ਜਿਸ ਨੇ ਸੰਨ 2009 ਵਿੱਚ 11 ਮਿਲੀਅਨ ਬੈਰਿਲ ਤੇਲ ਪ੍ਰਤੀ ਦਿਨ ਅਮੈਰਿਕਾ ਨੂੰ ਦਿੱਤਾ ਹੈ। ਅਮੈਰਿਕੀ ਅਨਰਜੀ ਅੰਕੜਿਆਂ ਮੁਤਾਬਿਕ ਕੈਨੇਡਾ ਨੇ ਦਸੰਬਰ ਮਹੀਨੇ ਵਿੱਚ ਅਮੈਰਿਕਾ ਨੂੰ ਪ੍ਰਤੀ ਦਿਨ 27 ਲੱਖ ਬੈਰਿਲ ਤੇਲ ਭੇਜਿਆ ਹੈ ਜੋ ਕਿ ਨਵੰਬਰ ਮਹੀਨੇ ਤੋਂ ਇਹ 8 ਫੀਸਦੀ ਵਧੇਰੇ ਸੀ।
ਓਬਾਮਾ ਨੇ ਅੱਗੇ ਕਿਹਾ ਕਿ ਬਹੁਤ ਸਾਰੇ ਰਾਸ਼ਟਰਪਤੀ ਅਤੇ ਰਾਜਨੀਤਕ ਲੋਕ ਆਪਣੇ ਮੁਲਕਾਂ ਨੂੰ ਅਜ਼ਾਦਾਨਾ ਅਨਰਜੀ ਮੁਲਕ ਬਣਾਉਣ ਦਾ ਵਾਅਦਾ ਕਰ ਚੁੱਕੇ ਹਨ ਪਰ ਹਾਲੇ ਤੱਕ ਅਜਿਹਾ ਨਹੀਂ ਹੋਇਆ ਹੈ। ਉਹਨਾਂ ਕਿਹਾ ਕਿ ਇਹ ਬਦਲਣਾ ਹੋਵੇਗਾ। ਅਸੀਂ ਤੇਲ ਕੀਮਤਾਂ ਦੇ ਉਤਰਾਅ ਚੜ੍ਹਾਅ ਨਾਲ਼ ਬੰਨ੍ਹੇ ਨਹੀਂ ਰਹਿ ਸਕਦੇ। ਉਹਨਾਂ ਕਿਹਾ ਕਿ ਜਦੋਂ ਗੈਸ ਦੀ ਕੀਮਤਾਂ ਚੜ੍ਹਦੀਆਂ ਹਨ ਤਾਂ ਅਸੀਂ ਬਦਲ ਲਿਆਉਣ ਦੇ ਐਕਸ਼ਨ ਦੀਆਂ ਗੱਲਾਂ ਕਰਨ ਲੱਗਦੇ ਹਾਂ ਅਤੇ ਜਦੋਂ ਇਹ ਘਟ ਜਾਂਦੀਆਂ ਹਨ ਤਾਂ ਅਸੀਂ ਵੀ ਥੰਮ ਜਾਂਦੇ ਹਾਂ।
ਓਬਾਮਾ ਨੇ ਕੁਦਰਤੀ ਗੈਸ ਸਬੰਧੀ ਕੁਝ ਨਵੇਂ ਅਤੇ ਕੁਝ ਪੁਰਾਣੇ ਐਲਾਨਾਂ ਨੂੰ ਦੁਹਰਾਇਆ। ਉਹਨਾਂ ਕਿਹਾ ਕਿ ਅਸੀਂ ਘਰੇਲੂ ਗੈਸ ਦੀ ਪੈਦਾਵਾਰ ਨੂੰ ਵਧਾਵਾਂਗੇ, ਬਾਇਓਫਿਊਲ ਅਤੇ ਕੁਦਰਤੀ ਗੈਸ ਦੀ ਖਪਤ ਨੂੰ ਵਧਾਵਾਂਗੇ ਅਤੇ ਵਾਹਨਾਂ ਨੂੰ ਘੱਟ ਗੈਸ ਖਾਣ ਦੇ ਅਨੁਕੂਲ ਬਣਾਵਾਂਗੇ।
ਓਬਾਮਾ ਦੇ ਇਸ ਬਿਆਨ ਤੋਂ ਤੁਰੰਤ ਬਾਅਦ ਕੁਦਰਤੀ ਗੈਸ ਦੀ ਕੀਮਤਾਂ ਵਿੱਚ ਉਛਾਲ ਆ ਗਿਆ। ਪਿਛਲੇ ਤਿੰਨ ਸਾਲ ਤੋਂ ਕੁਦਰਤੀ ਗੈਸ ਦੀ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ। ਇਹ ਮਾੜੇ ਆਰਥਿਕ ਦੌਰ ਸਮੇਂ ਵੀ ਸਥਿਰ ਹੀ ਰਹੀਆਂ ਹਨ।
ਜਪਾਨ ਵਿੱਚ ਭੁਚਾਲ ਅਤੇ ਸੁਨਾਮੀ ਤੋਂ ਬਾਅਦ ਪ੍ਰਮਾਣੂ ਪਲਾਂਟਾਂ ਨੂੰ ਪੈਦਾ ਹੋਏ ਖ਼ਤਰੇ ਤੋਂ ਬਾਅਦ ਕਿਹਾ ਕਿ ਉਹ ਅਮੈਰਿਕਾ ਦੇ ਪ੍ਰਮਾਣੂ ਪਲਾਂਟਾਂ ਦੀ ਸੁਰੱਖਿਅਤਾ ਨੂੰ ਯਕੀਨੀ ਬਣਾਉਣਗੇ। ਉਹਨਾਂ ਨੇ ਸਾਰੇ ਪਲਾਂਟਾਂ ਦੀ ਸੁਰੱਖਿਅਤਾ ਨੂੰ ਨਵਿਆਉਣ ਦਾ ਹੁਕਮ ਵੀ ਜਾਰੀ ਕੀਤਾ ਹੈ।
ਓਬਾਮਾ ਨੇ ਤੇਲ ਕੀਮਤਾਂ ਵਿੱਚ ਹੋ ਰਹੇ ਵਾਧੇ ਤੇ ਵੀ ਚਿੰਤਾ ਪ੍ਰਗਟ ਕੀਤੀ ਹੈ। ਇਸ ਸਾਲ ਅਮੈਰਿਕਾ ਵਿਚ ਗੈਸ ਦੀ ਪ੍ਰਤੀ ਗੈਲਨ ਕੀਮਤ ਵਿੱਚ 50 ਸੈਂਟ ਦਾ ਵਾਧਾ ਹੋਇਆ ਹੈ।

