ਮਗਿੰਟੀ ਸਰਕਾਰ ਵੱਲੋਂ 16.3 ਬਿਲੀਅਨ ਡਾਲਰ ਘਾਟੇ ਦਾ ਬੱਜਟ ਪੇਸ਼
On 31 March 2011 in ਕੈਨੇਡਾ, ਵਿਸ਼ੇਸ਼ ਰਿਪੋਰਟ
ਸਟਾਰ ਨਿਊਜ਼-ਉਨਟਾਰੀਓ ਦੀ ਲਿਬਰਲ ਸਰਕਾਰ ਨੇ ਮੰਗਲਵਾਰ ਨੂੰ ਆਪਣਾ ਪੰਜਵਾਂ ਸਲਾਨਾ ਅਤੇ ਸਰਕਾਰ ਦਾ ਆਖਰੀ ਬੱਜਟ ਪਾਰਲੀਮੈਂਟ ਵਿੱਚ ਪੇਸ਼ ਕਰ ਦਿੱਤਾ ਹੈ। ਡਾਲਟਨ ਮਗਿੰਟੀ ਸਰਕਾਰ ਦੇ ਵਿੱਤ ਮੰਤਰੀ ਡਵਿੱਟ ਡੰਕਨ ਨੇ 16.3 ਬਿਲੀਅਨ ਡਾਲਰ ਘਾਟੇ ਵਾਲਾ ਬੱਜਟ ਪੇਸ਼ ਕੀਤਾ ਜਿਸ ਦਾ ਕਾਰੋਬਾਰੀ ਅਦਾਰਿਆਂ ਨੇ ਤਾਂ ਸਵਾਗਤ ਕੀਤਾ ਹੈ ਪਰ ਵਿਰੋਧੀ ਪਾਰਟੀਆਂ ਨੇ ਆਪਣਾ ਫਰਜ਼ ਨਿਭਾਉਂਦਿਆਂ ਇਸ ਨੂੰ ਨਿੰਦਿਆ ਹੈ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਇਸ ਬੱਜਟ ਵਿੱਚ ਮਗਿੰਟੀ ਸਰਕਾਰ ਨੇ ਆਮ ਆਦਮੀ ਨੂੰ ਕੋਈ ਰਾਹਤ ਪ੍ਰਦਾਨ ਨਹੀਂ ਕੀਤੀ ਹੈ।
ਇਸ ਬੱਜਟ ਵਿੱਚ ਕੁੱਲ ਮਾਲੀਆ 108.5 ਬਿਲੀਅਨ ਡਾਲਰ ਇਕੱਠਾ ਹੋਇਆ ਵਿਖਾਇਆ ਗਿਆ ਹੈ ਜਦੋਂ ਕਿ ਕੁੱਲ ਖ਼ਰਚਾ 124.1 ਬਿਲੀਅਨ ਦਰਸਾਇਆ ਗਿਆ ਹੈ। ਵਿੱਤ ਮੰਤਰੀ ਨੇ ਅੰਕੜੇ ਦਿੰਦਿਆਂ ਬੱਜਟ ਵਿੱਚ ਦੱਸਿਆ ਕਿ ਨਿੱਜੀ ਆਮਦਨ ਟੈਕਸ ਚੋਂ 25.5 ਬਿਲੀਅਨ, ਸੇਲਜ਼ ਟੈਕਸ 20.1, ਕਾਰਪੋਰੇਟ ਟੈਕਸ 8.9, ਇੰਪਲਾਇਰ ਹੈਲਥ ਟੈਕਸ 5.0, ਗੈਸੋਲੀਨ ਅਤੇ ਫਿਊਲ ਟੈਕਸ 3.1, ਸਰਕਾਰੀ ਅਦਾਰਿਆਂ ਤੋਂ 4.5, ਫੈਡਰਲ ਅਦਾਇਗੀਆਂ 21.7 ਅਤੇ ਹੋਰਾਂ ਸੋਮਿਆਂ ਤੋਂ 16.5 ਬਿਲੀਅਨ ਡਾਲਰ ਮਾਲੀਆ ਇਕੱਠਾ ਹੋਇਆ ਹੈ।
ਖ਼ਰਚਿਆਂ ਵਿੱਚ ਸਿਹਤ ਖ਼ੇਤਰ ਤੇ 47.6 ਬਿਲੀਅਨ, ਸਿੱਖਿਆ ਖ਼ੇਤਰ 23.2, ਪੋਸਟਸਕੈਂਡਰੀ ਅਤੇ ਟਰੇਨਿੰਗ 7.1, ਬੱਚਿਆਂ ਅਤੇ ਸਮਾਜਿਕ ਸੇਵਾਵਾਂ 13.7, ਜਸਟਿਸ 4.7, ਹੋਰ ਸੇਵਾਵਾਂ ਤੇ 17.4 ਅਤੇ ਕਰਜ਼ੇ ਤੇ ਵਿਆਜ ਅਦਾਇਗੀ ਤੇ 10.3 ਬਿਲੀਅਨ ਡਾਲਰ ਖ਼ਰਚ ਹੋਇਆ ਹੈ।
ਸੰਨ 2011-12 ਦੌਰਾਨ ਉਨਟਾਰੀਓ ਸਿਰ ਕੁੱਲ ਕਰਜ਼ਾ 241.5 ਬਿਲੀਅਨ ਡਾਲਰ ਤੇ ਪਹੁੰਚਣ ਦਾ ਅਨੁਮਾਨ ਹੈ। ਪਿਛਲੇ ਵਿੱਤੀ ਵਰ੍ਹੇ ਦੌਰਾਨ ਇਹ ਕਰਜ਼ 217.3 ਬਿਲੀਅਨ ਡਾਲਰ ਸੀ। ਸੰਨ 2006-07 ਵਿੱਚ ਇਹ ਕਰਜ਼ 153.7 ਬਿਲੀਅਨ ਡਾਲਰ ਸੀ। ਇਸ ਕਰਜ਼ੇ ਤੇ ਦਿੱਤਾ ਜਾਣ ਵਾਲਾ ਵਿਆਜ ਅਗਲੇ ਵਿੱਤੀ ਵਰ੍ਹੇ ਵਿੱਚ 10.3 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ ਜੋ ਲੰਘੇ ਵਰ੍ਹੇ 9.5 ਬਿਲੀਅਨ ਡਾਲਰ ਰਿਹਾ ਹੈ। ਅਗਲੇ ਸਾਲ ਉਨਟਾਰੀਓ ਦੀ ਕੁੱਲ ਆਮਦਨ 108.5 ਬਿਲੀਅਨ ਡਾਲਰ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ ਜਦੋਂ ਕਿ ਖ਼ਰਚ 113.8 ਬਿਲੀਅਨ ਹੋਣ ਦਾ ਅਨੁਮਾਨ ਹੈ।
ਸਰਕਾਰ ਨੇ ਘਾਟੇ ਦੇ ਬੱਜਟ ਨੂੰ ਸੰਨ 2017-18 ਤੱਕ ਬਰਾਬਰ ਕਰ ਲੈਣ ਦਾ ਅਨੁਮਾਨ ਲਗਾਇਆ ਹੈ।
ਵਿਰੋਧੀ ਪੀ.ਸੀ ਅਤੇ ਐੱਨ.ਡੀ.ਪੀ ਦਾ ਦੋਸ਼ ਹੈ ਕਿ ਸਰਕਾਰ ਨੇ ਇਸ ਬੱਜਟ ਨੂੰ ਦੁਬਾਰਾ ਸਰਕਾਰ ਬਣਾਉਣ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤਾ ਹੈ ਅਤੇ ਇਸ ਵਿੱਚ ਆਮ ਪ੍ਰੀਵਾਰਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਦੋਵਾਂ ਪਾਰਟੀਆਂ ਦਾ ਕਹਿਣਾ ਹੈ ਕਿ ਨਾਂ ਤਾਂ ਆਮ ਲੋਕਾਂ ਦੇ ਟੈਕਸ ਘਟਾਏ ਹਨ ਅਤੇ ਨਾਂ ਹੀ ਬਿਜਲੀ ਬਿੱਲਾਂ ਪ੍ਰਤੀ ਕੋਈ ਰਾਹਤ ਦਿੱਤੀ ਹੈ।
ਵਿਰੋਧੀ ਪਾਰਟੀ ਦੇ ਨੇਤਾ ਟਿੱਮ ਹਿਊਡਕ ਨੇ ਕਿਹਾ ਕਿ ਇਹ ਪਹਿਲਾ ਬੱਜਟ ਹੈ ਜਿਸ ਵਿੱਚ ਸਰਕਾਰ ਨੇ ਸਰਕਾਰੀ ਯੋਜਨਾ ਬਣਾਉਣ ਤੇ ਘੱਟ ਅਤੇ ਉਹਨਾਂ ਤੇ ਹਮਲੇ ਕਰਨ ਤੇ ਜਿ਼ਆਦਾ ਸਮਾਂ ਗੁਜ਼ਾਰਿਆ ਹੈ। ਇਸ ਤੇ ਐੱਨ.ਡੀ.ਪੀ ਨੂੰ ਫਿਕਰ ਹੈ ਕਿ ਇਸ ਬੱਜਟ ਤੋਂ ਬਾਅਦ ਸਰਕਾਰ ਵਧੇਰੇ ਸੇਵਾਵਾਂ ਨੂੰ ਨਿੱਜੀ ਹੱਥਾਂ ਵਿੱਚ ਦੇ ਸਕਦੀ ਹੈ ਜਿਸ ਦਾ ਖਾਮਿਆਜ਼ਾ ਕ੍ਰਮਚਾਰੀ ਯੂਨੀਅਨ ਨੂੰ ਭੁਗਤਣਾ ਪਵੇਗਾ।
ਓਧਰ ਉਨਟਾਰੀਓ ਸਰਕਾਰ ਦੇ ਕੈਬਨਿਟ ਮੰਤਰੀ ਹਰਿੰਦਰ ਤੱਖੜ ਨੇ ਪੰਜਾਬ ਸਟਾਰ ਨੂੰ ਭੇਜੀ ਇੱਕ ਪ੍ਰੈੱਸ ਰਿਲੀਜ਼ ਵਿੱਚ ਦੱਸਿਆ ਕਿ ਉਨਟਾਰੀਓ ਸਰਕਾਰ ਦੇ ਕੁੱਲ ਬੱਜਟ ਦਾ 72 ਫੀਸਦੀ ਹਿੱਸਾ ਸਿਹਤ ਅਤੇ ਸਿੱਖਿਆ ਸੇਵਾਵਾਂ ਤੇ ਖ਼ਰਚਿਆ ਜਾਵੇਗਾ। ਉਹਨਾਂ ਕਿਹਾ ਕਿ ਇਹ ਸੇਵਾਵਾਂ ਉਨਟਾਰੀਓ ਦੇ ਲੋਕਾਂ ਲਈ ਬਹੁਤ ਜ਼ਰੂਰੀ ਹਨ।


