ਬਿਜ਼ੀ ਹੋਈ ਸੇਲਿਨਾ ਜੇਤਲੀ
On 28 April 2011 in ਫਿਲਮੀਂ
ਸਾਲ 2001 ‘ਚ ਸੇਲਿਨਾ ਜੇਤਲੀ ‘ਮਿਸ ਇੰਡੀਆ’ ਬਣੀ, ਉਸ ਪਿੱਛੋਂ ਉਸ ਨੇ 200 ਤੋਂ ਵਧੇਰੇ ਉਤਪਾਦਾਂ ਲਈ ਮਾਡਲਿੰਗ ਕੀਤੀ। ਅਨੀਸ ਬਜ਼ਮੀ ਦੀ ‘ਨੋ ਐੈਂਟਰੀ’ ‘ਚ ਸੇਲਿਨਾ ਨੂੰ ਪਹਿਲੀ ਸਫਲਤਾ ਮਿਲੀ ਅਤੇ ਉਸ ਪਿਛੋਂ ਇਮਰਾਨ ਹਾਸ਼ਮੀ ਨਾਲ ‘ਜਵਾਨੀ ਦੀਵਾਨੀ’ ਵਰਗੀ ਫਿਲਮ ਵਿੱਚ ਉਹ ਨਜ਼ਰ ਆਈ। ਫਿਰੋਜ਼ ਖਾਨ ਜਦੋਂ ਜਿਊਂਦੇ ਸਨ, ਉਨ੍ਹਾਂ ਨੇ ‘ਕੁਰਬਾਨੀ’ ਦਾ ਰੀਮੇਕ ਬਣਾਉਣ ਬਾਰੇ ਸੋਚਿਆ ਅਤੇ ਉਹ ਸੇਲਿਨਾ ਨੂੰ ਉਸ ਕਿਰਦਾਰ ਲਈ ਲੈਣਾ ਚਾਹੁੰਦੇ ਸਨ, ਜੋ ਮੂਲ ਫਿਲਮ ਵਿੱਚ ਜ਼ੀਨਤ ਅਮਾਨ ਨੇ ਨਿਭਾਇਆ ਸੀ। ਯਕੀਨਨ ਇਹ ਫਿਲਮ ਸੇਲਿਨਾ ਦੇ ਕੈਰੀਅਰ ਲਈ ਫੈਸਲਾਕੁਨ ਸਿੱਧ ਹੋ ਸਕਦੀ ਸੀ, ਪਰ ਉਦੋਂ ਫਿਰੋਜ਼ ਖਾਨ ਦੀ ਮੌਤ ਹੋ ਗਈ।
ਹੁਣ ਤੱਕ ਸੇਲਿਨਾ ਹਿੰਦੀ ਅਤੇ ਦੱਖਣ ਭਾਰਤੀ ਫਿਲਮਾਂ ਨੂੰ ਮਿਲਾ ਕੇ ਦੋ ਦਰਜਨ ਤੋਂ ਵਧੇਰੇ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ, ਪਰ ਇਸ ਦੇ ਬਾਵਜੂਦ ਮਾਇਆ ਨਗਰੀ ਵਿੱਚ ਖਾਸ ਥਾਂ ਬਣਾਉਣ ਲਈ ਸੇਲਿਨਾ ਦਾ ਸੰਘਰਸ਼ ਖਤਮ ਨਹੀਂ ਹੋਇਆ। ਲੱਗਦਾ ਹੈ ਕਿ ਅੱਜਕੱਲ੍ਹ ਇੱਕ ਵਾਰ ਫਿਰ ਸੇਲਿਨਾ ਦੇ ਕੈਰੀਅਰ ‘ਚ ਬਹਾਰ ਆਈ ਹੋਈ ਹੈ। ਹੁਣ ਉਹ ਲਗਭਗ ਅੱਧੀ ਦਰਜਨ ਫਿਲਮਾਂ ਦੀ ਸ਼ੂਟਿੰਗ ਵਿੱਚ ਬਿਜ਼ੀ ਹੈ। ‘ਰਨ ਭੋਲਾ ਰਨ’, ‘ਕਾਸ਼ ਤੁਮਸੇ ਮੋਹੱਬਤ ਨਾ ਹੋਤੀ’, ‘ਚਾਏ ਗਰਮ’, ‘ਮੁੰਗੀ ਲਾਲ ਰਾਕਸ’, ‘ਅਨਯੂਜ਼ਵਲ ਲਵ ਸਟੋਰੀ’, ‘ਵਿਲ ਯੂ ਮੈਰੀ ਮੀ’, ਕੰਨੜ ਫਿਲਮ ‘ਸ੍ਰੀਮਤੀ’ ਸਮੇਤ ਇੱਕ ਅੰਗਰੇਜ਼ੀ ਫਿਲਮ ‘ਦਿ ਕਵੈਸਟ ਆਫ ਸ਼ੇਰਜਾਦੇ’ ‘ਚ ਸੇਲਿਨਾ ਅਹਿਮ ਭੂਮਿਕਾ ਨਿਭਾਅ ਰਹੀ ਹੈ। ਇਸ ਦੇ ਨਾਲ ਹੀ ਸੇਲਿਨਾ ਅੱਜਕੱਲ੍ਹ ਸਟੇਜ ਪ੍ਰਫਾਰਮੈਂਸ ‘ਚ ਵੀ ਬਿਜ਼ੀ ਹੈ।


