ਐਕਸ਼ਨ ਨਾਲ ਸ਼ੋਅ ਕੀਤਾ : ਜੂਹੀ
On 26 May 2011 in ਫਿਲਮੀਂ
ਅੱਜਕੱਲ੍ਹ ਜੂਹੀ ਚਾਵਲਾ ਨਿਰਮਾਤਰੀ ਬਣੀ ਹੋਈ ਹੈ। ਉਹ ਛੇਤੀ ਰਿਲੀਜ਼ ਹੋ ਰਹੀ ਫਿਲਮ ‘ਆਈ ਐਮ’ ਦੀ ਨਿਰਮਾਤਰੀ ਹੈ। ਪੇਸ਼ ਹਨ ਜੂਹੀ ਨਾਲ ਗੱਲਬਾਤ ਦੇ ਮੁੱਖ ਅੰਸ਼-
* ‘ਆਈ ਐਮ’ ਦਾ ਨਿਰਮਾਣ ਕਰਨ ਦਾ ਇਰਾਦਾ ਕਿਵੇਂ ਬਣਿਆ?
-ਓਨੀਰ ਨਾਲ ਇਹ ਮੇਰੀ ਦੂਜੀ ਫਿਲਮ ਹੈ (ਮਾਈ ਬ੍ਰਦਰ ਨਿਖਿਲ ਤੋਂ ਬਾਅਦ)। ਉਸ ਦੀ ਫਿਲਮ ਹਟਵੀਂ, ਪਰ ਦਿਲਚਸਪ ਹੁੰਦੀ ਹੈ। ਜਦੋਂ ਉਹ ‘ਆਈ ਐਮ’ ਬਣਾਉਣ ਦੀ ਯੋਜਨਾ ਬਣਾ ਰਿਹਾ ਸੀ ਤਾਂ ਉਸ ਕੋਲ ਸੋਸ਼ਲ ਮੀਡੀਆ ਪਲੇਟਫਾਰਮ ਆਦਿ ਰਾਹੀਂ ਲੋਕਾਂ ਨੂੰ ਫਾਈਨਾਂਸ ਲਈ ਐਪਰੋਚ ਕਰਨ ਦਾ ਇੱਕ ਨਵਾਂ ਤਰੀਕਾ ਸੀ। ਇਸ ਲਈ ਆਪਣੀ ਸ਼ੁਰੂਆਤ ਲਈ ਮੈਂ ਸੋਚਿਆ ਕਿ ਮੈਂ ਵੀ ਯੋਗਦਾਨ ਦੇ ਦਿਆਂ। ਅਸੀਂ ਇਹ ਕਹਿੰਦੇ ਰਹਿੰਦੇ ਹਾਂ ਕਿ ‘ਮੈਨੂੰ ਇੰਜ ਪਸੰਦ ਹੈ’ ਅਤੇ ‘ਮੈਂ ਇਨ੍ਹਾਂ ਚੀਜ਼ਾਂ ਨੂੰ ਪਿਆਰ ਕਰਦਾ ਹਾਂ’, ਪਰ ਜਦੋਂ ਕੁਝ ਕਰਨ ਦੀ ਵਾਰੀ ਆਉਂਦੀ ਹੈ ਤਾਂ ਕੋਈ ਦਿਲਚਸਪੀ ਨਹੀਂ ਦਿਖਾਉਂਦੇ। ਮੈਨੂੰ ਜੋ ਚੀਜ਼ ਪਸੰਦ ਆਈ, ਉਥੇ ਮੈਂ ਆਪਣਾ ਪੈਸਾ ਲਾ ਦਿੱਤਾ। ਇਹ ਓਨੀਰ ਪ੍ਰਤੀ ਵਿਸ਼ਵਾਸ ਜ਼ਾਹਰ ਕਰਨ ਦਾ ਤਰੀਕਾ ਹੈ ਅਤੇ ਮੈਂ ਆਪਣੇ ਵਿਸ਼ਵਾਸ ਨੂੰ ਐਕਸ਼ਨ ਰਾਹੀਂ ਜ਼ਾਹਰ ਕੀਤਾ। ਇਥੋਂ ਤੱਕ ਪੂਰਬ ਨੇ ਵੀ ਪੈਸਾ ਲਾਇਆ ਹੈ। ਇਸ ਫਿਲਮ ਵਿੱਚ ਐਕਟ ਕਰਨ ਲਈ ਕਲਾਕਾਰ ਪੇਅ ਕਰ ਰਹੇ ਹਨ। ਓਨੀਰ ਕੀ-ਕੀ ਕਰਵਾ ਰਿਹਾ ਹੈ ਸਾਥੋਂ।
* ਓਨੀਰ ਨਾਲ ਤੁਸੀਂ ਕਿਵੇਂ ਮਿਲੇ?
- ਜਦੋਂ ਓਨੀਰ ‘ਮਾਈ ਬ੍ਰਦਰ ਨਿਖਿਲ’ ਲਈ ਮੇਰੇ ਕੋਲ ਆਇਆ ਤਾਂ ਉਦੋਂ ਵੀ ਉਸ ਕੋਲ ਪੈਸੇ ਨਹੀਂ ਸਨ। ਉਸ ਵੇਲੇ ਮੈਂ ਸੰਜੇ (ਸੂਰੀ) ਨਾਲ ‘ਝਨਕਾਰ ਬੀਟਸ’ ਵਿੱਚ ਕੰਮ ਕੀਤਾ ਸੀ ਅਤੇ ਉਨ੍ਹਾਂ ਨੇ ਹੀ ਓਨੀਰ ਨੂੰ ਮੇਰੇ ਨਾਲ ਮਿਲਵਾਇਆ ਸੀ। ਮੈਂ ਜਦੋਂ ਟੀ ਸ਼ਰਟ ਵਿੱਚ ਇਸ ਛੋਟੇ ਜਿਹੇ ਮੁੰਡੇ ਨੂੰ ਦੇਖਿਆ ਤਾਂ ਮੈਨੂੰ ਲੱਗਾ ਕਿ ‘ਯਾਰ, ਇਹ ਤਾਂ ਕਾਲਜ ਤੋਂ ਨਿਕਲਿਆ ਹੈ। ਇਹ ਪਿਕਚਰ ਬਣਾਏਗਾ? ਮੈਨੂੰ ਸੰਜੇ ‘ਤੇ ਯਕੀਨ ਸੀ ਅਤੇ ਫਿਲਮ ਲਈ ਹਾਂ ਕਰ ਦਿੱਤੀ।
* ਫੈਸਟੀਵਲ ਸਰਕਿਟਸ ‘ਚ ਫਿਲਮ ਨੂੰ ਚੰਗੀ ਪ੍ਰਤੀਕਿਰਿਆ ਮਿਲੀ ਹੈ, ਤਾਂ ਕੀ ਰਿਲੀਜ਼ ਪਿੱਛੋਂ ਫਿਲਮ ਨੂੰ ਇਸ ਤੋਂ ਕੋਈ ਮਦਦ ਮਿਲ ਸਕੇਗੀ?
- ਇਨ੍ਹਾਂ ਐਵਾਰਡਾਂ ਅਤੇ ਆਲੋਚਕਾਂ ਦੇ ਵਿਚਾਰਾਂ ‘ਤੇ ਯਕੀਨਨ ਲੋਕਾਂ ਦੀਆਂ ਨਜ਼ਰਾਂ ਰਹਿੰਦੀਆਂ ਹਨ। ਮੈਂ ਸਿਨੇਮਾ ਵਿੱਚ ਇੱਕ ਬੇਹੱਦ ਕਮਰਸ਼ੀਅਲ ਫਾਰਮ ਤੋਂ ਆਈ ਹਾਂ ਅਤੇ ਇਸ ਗੱਲ ‘ਤੇ ਯਕੀਨ ਨਹੀਂ ਕਰਦੀ ਕਿ ਮੁੱਦੇ ‘ਤੇ ਆਧਾਰਤ ਫਿਲਮਾਂ ਬਣਾਉਣੀਆਂ ਜ਼ਰੂਰੀ ਹਨ। ਮੇਰਾ ਮੰਨਣਾ ਹੈ ਕਿ ਫਿਲਮ ਅਜਿਹੀ ਹੋਣੀ ਚਾਹੀਦੀ ਹੈ, ਜੋ ਲੋਕਾਂ ਨੂੰ ਖੁਦ ਨਾਲ ਜੋੜ ਸਕਣ, ਤੁਹਾਨੂੰ ਹਸਾ ਜਾਂ ਰੁਆ ਸਕਣ। ਜਦੋਂ ਮੈਂ ਸਿਨੇਮਾ ਹਾਲ ਵਿੱਚ ਬੈਠਦੀ ਹਾਂ ਤਾਂ ਇਹ ਨਹੀਂ ਚਾਹੁੰਦੀ ਕਿ ਮੂਵੀ ਇਹੋ ਜਿਹੀ ਹੋਵੇ ਕਿ ਹਾਲ ਛੱਡਣਾ ਪਏ। ਮੈਂ ਫਿਲਮਾਂ ਨੂੰ ਦੋ ਤਰ੍ਹਾਂ ਵੰਡਦੀ ਹਾਂ, ਜਾਂ ਤਾਂ ਦਿਲਚਸਪ ਜਾਂ ਬਿਲਕੁਲ ਬੋਰ। ਤੁਹਾਡਾ ਇੱਕ ਵੱਡਾ ਬੈਕਅੱਪ ਹੋ ਸਕਦਾ ਹੈ, ਪਰ ਜੇ ਤੁਹਾਡੇ ਕੋਲ ਸਟੋਰੀ ਨਹੀਂ ਤਾਂ ਦਰਸ਼ਕ ਪਹਿਲੀ ਰੀਲ ਵਿੱਚ ਹੀ ਹਾਲ ਛੱਡ ਦੇਣਗੇ।
* ਕਿਹੋ ਜਿਹੀ ਫਿਲਮ ਹੈ ‘ਆਈ ਐਮ’?
- ‘ਆਈ ਐਮ’ ਦਿਲਚਸਪ ਫਿਲਮ ਹੈ, ਇਸ ਲਈ ਮੈਂ ਕਿਹਾ ਸੀ ਕਿ ਮੈਂ ਯੋਗਦਾਨ ਪਾਉਣਾ ਚਾਹੁੰਦੀ ਹਾਂ। ਮੀਡੀਆ ਨੇ ਫਿਲਮ ਨੂੰ ਅਜਿਹੀ ਬਣਾ ਦਿੱਤਾ ਕਿ ਇਹ ਭਾਰੀ ਮੁੱਦੇ ‘ਤੇ ਆਧਾਰਤ ਕੋਈ ਫਿਲਮ ਹੈ, ਲੋਕ ਫਿਲਮ ਬਾਰੇ ਕੁਝ ਰਾਕੇਟ ਸਾਇੰਸ ਵਾਂਗ ਸੋਚਣ ਲੱਗੇ ਹਨ, ਪਰ ਅਜਿਹਾ ਕੁਝ ਨਹੀਂ ਹੈ। ਤੁਸੀਂ ਕਹਾਣੀ ਦੇਖੋਗੇ ਤਾਂ ਤੁਹਾਡਾ ਕੁਰਸੀ ਤੋਂ ਉੱਠਣ ਨੂੰ ਮਨ ਹੀ ਨਹੀਂ ਕਰੇਗਾ।
* ਫਿਲਮ ‘ਚ ਤੁਹਾਡੀ ਸਟੋਰੀ ਹੈ ‘ਆਈ ਐਮ ਮੇਘਾ’, ਜਿਸ ਵਿੱਚ ਤੁਸੀਂ 90 ਦੇ ਦਹਾਕੇ ਦੀ ਆਪਣੀ ਸਮਕਾਲੀ ਅਭਿਨੇਤਰੀ ਮਨੀਸ਼ਾ ਕੋਇਰਾਲਾ ਨਾਲ ਕੰਮ ਕਰ ਰਹੇ ਹੋ?
- ਹਾਂ, ਅਸਲ ਵਿੱਚ ਅਸੀਂ ਪਹਿਲੀ ਵਾਰ ਇਕੱਠੇ ਕੰਮ ਕਰ ਰਹੇ ਹਾਂ। ਜਦੋਂ ਅਸੀਂ ਦੋਵੇਂ ਹੀ ਮਾਇਆ ਨਗਰੀ ਵਿੱਚ ਸਰਗਰਮ ਸਾਂ ਤਾਂ ਬੜੀ ਮੁਸ਼ਕਲ ਨਾਲ ਕਦੇ ਸੈਟ ‘ਤੇ ਜਾਂ ਕਦੇ ਕਿਸੇ ਪਾਰਟੀ ਵਿੱਚ ਮਿਲੀਆਂ ਹੋਵਾਂਗੀਆਂ, ਪਰ ਜਦੋਂ ਸ੍ਰੀਨਗਰ ਵਿੱਚ ਪੰਜ ਦਿਨ ਅਸੀਂ ਇੱਕਠੀਆਂ ਨੇ ਕੰਮ ਕੀਤਾ ਤਾਂ ਅਸਲ ਵਿੱਚ ਬਹੁਤ ਚੰਗਾ ਲੱਗਾ।


