ਸੁੰਦਰ ਤੇ ਸਮਝਦਾਰ ਬਣਨਾ ਚਾਹੁੰਦੀ ਹਾਂ : ਅੰਮ੍ਰਿਤਾ ਰਾਓ
On 26 May 2011 in ਫਿਲਮੀਂ
ਅੰਮ੍ਰਿਤਾ ਰਾਓ ਜਦੋਂ ਫਿਲਮ ਨਗਰੀ ਵਿੱਚ ਆਈ ਤਾਂ ਉਸ ਦੀ ਸੁੰਦਰਤਾ ਅਤੇ ਸੁਲਝੇਪਣ ਦੀ ਬੜੀ ਚਰਚਾ ਹੁੰਦੀ ਸੀ। ਉਸ ਦੀਆਂ ਇਨ੍ਹਾਂ ਖੂਬੀਆਂ ਦਾ ਹੀ ਸੁੰਦਰ ਚਿਤਰਣ ਫਿਲਮ ‘ਵਿਵਾਹ’ ਵਿੱਚ ਦੇਖਣ ਨੂੰ ਮਿਲਿਆ। ਹੁਣ ਉਹ ਰਾਜਸ੍ਰੀ ਬੈਨਰ ਦੇ ਤਹਿਤ ਫਿਲਮ ‘ਲਵ ਯੂ ਮਿਸਟਰ ਕਲਾਕਾਰ’ ਰਾਹੀਂ ਦਰਸ਼ਕਾਂ ਨਾਲ ਇੱਕ ਵਾਰ ਰੂ ਬ ਰੂ ਹੋਣ ਵਾਲੀ ਹੈ। ਪੇਸ਼ ਹਨ ਅੰਮ੍ਰਿਤਾ ਨਾਲ ਗੱਲਬਾਤ ਦੇ ਮੁੱਖ ਅੰਸ਼-
* ਆਪਣੀ ਸ਼ੁਰੂਆਤ ਦੇ ਨਾਲ ਹੀ ਤੁਸੀਂ ਐਵਾਰਡ ਹਾਸਲ ਕਰਦੇ ਰਹੇ ਹੋ। ਜੋ ਫਿਲਮਾਂ ਹਿੱਟ ਨਹੀਂ ਵੀ ਹੁੰਦੀਆਂ, ਉਨ੍ਹਾਂ ‘ਚ ਵੀ ਤੁਹਾਨੂੰ ਐਵਾਰਡ ਮਿਲੇ ਹਨ, ਇਸ ਦਾ ਕੀ ਕਾਰਨ ਮੰਨਦੇ ਹੋ?
- ਇਸ ਦਾ ਕਾਰਨ ਇਹ ਹੈ ਕਿ ਬਹੁਤ ਚੰਗੇ ਤਰੀਕੇ ਨਾਲ ਬਣੀਆਂ ਫਿਲਮਾਂ ਵਿੱਚ ਮੈਨੂੰ ਚੰਗੇ ਕਿਰਦਾਰ ਮਿਲੇ ਹਨ। ਉਹ ਸਫਲ ਸਨ, ਕਿਉਂਕਿ ਉਹ ਚੰਗੀਆਂ ਸਨ। ਇਨ੍ਹਾਂ ਵਿੱਚ ਕਿਰਾਦਰ ਚੰਗੀ ਤਰ੍ਹਾਂ ਸਪੱਸ਼ਟ ਸਨ, ਇਸ ਲਈ ਉਨ੍ਹਾਂ ਨੂੰ ਨਿਭਾਉਣ ਵਿੱਚ ਮੈਨੂੰ ਆਸਾਨੀ ਹੋਈ। ਦਰਸ਼ਕਾਂ ਨੇ ਵੀ ਉਨ੍ਹਾਂ ਕਿਰਦਾਰਾਂ ਨਾਲ ਖੁਦ ਨੂੰ ਜੋੜਿਆ ਅਤੇ ਸੰਯੋਗ ਵੱਸ ਦਰਸ਼ਕਾਂ ਅਤੇ ਮਾਇਆ ਨਗਰੀ ਦੇ ਲੋਕਾਂ ਨੇ ਮੇਰੇ ਕੰਮ ਨੂੰ ਸਰਾਹਿਆ ਹੈ।
* ਇੱਕ ਪਾਸੇ ਤੁਸੀਂ ਸੂਰਜ ਬੜਜਾਤੀਆ, ਸ਼ਿਆਮ ਬੈਨੇਗਲ, ਰਾਜਕੁਮਾਰ ਸੰਤੋਸ਼ੀ ਵਰਗੇ ਨਿਰਦੇਸ਼ਕਾਂ ਨਾਲ ਕੰਮ ਕਰ ਚੁੱਕੇ ਹੋ, ਦੂਜੇ ਪਾਸੇ ਫਰਹਾ ਖਾਨ, ਕੇਨ ਘੋਸ਼ ਵਰਗੇ ਵੱਖਰੇ ਮਿਜ਼ਾਜ਼ ਦੇ ਨਿਰਦੇਸ਼ਕਾਂ ਨਾਲ ਕੰਮ ਕਰਦੇ ਹੋ। ਕੀ ਇਹ ਕੋਈ ਸੋਚੀ-ਸਮਝੀ ਰਣਨੀਤੀ ਦੇ ਤਹਿਤ ਹੈ?
-ਮੇਰਾ ਮੰਨਣਾ ਹੈ ਕਿ ਇਥੇ ਇੱਕ ਕਲਾਕਾਰ ਕਿਰਦਾਰਾਂ ਜਾਂ ਫਿਲਮਾਂ ਚੁਣਨ ਵਾਲਾ ਹੋ ਹੀ ਨਹੀਂ ਸਕਦਾ, ਖਾਸ ਕਰ ਕੇ ਉਹ ਜਿਸ ਦਾ ਕੋਈ ਗਾਡਫਾਦਰ ਨਹੀਂ ਹੈ। ਤੁਸੀਂ ਜਿਹੜੇ ਨਿਰਦੇਸ਼ਕਾਂ ਦਾ ਨਾਂ ਲਿਆ ਹੈ, ਉਹ ਮੇਰੇ ਕੋਲ ਇਸ ਲਈ ਆਏ ਹਨ ਕਿ ਮੈਂ ਉਨ੍ਹਾਂ ਦੀਆਂ ਫਿਲਮਾਂ ਵਿਚਲੇ ਮੇਰੇ ਲਈ ਰੱਖੇ ਕਿਰਦਾਰਾਂ ਨਾਲ ਨਿਆਂ ਕਰ ਸਕਦੀ ਸੀ। ਇੱਕ ਫਿਲਮ ਕਰਨ ਵੇਲੇ ਮੇਰੇ ਲਈ ਸਕ੍ਰਿਪਟ, ਮੇਰਾ ਰੋਲ ਅਤੇ ਕੰਮ ਕਰਨ ਵੇਲੇ ਉਥੇ ਦਾ ਸਹਿਜ ਅਤੇ ਆਰਾਮ ਦਾਇਕ ਮਾਹੌਲ ਜ਼ਰੂਰੀ ਹੁੰਦੀ ਹੈ।
* ਤੁਹਾਡੀ ਇਮੇਜ ਇੱਕ ਬਬਲੀ ਟਾਈਪ ਕੁੜੀ ਦੀ ਹੈ, ਕੀ ਤੁਸੀਂ ਇਸ ਇਮੇਜ ਤੋਂ ਸੰਤੁਸ਼ਟ ਹੋ?
- ਈਮਾਨਦਾਰੀ ਨਾਲ ਆਖਾਂ ਤਾਂ ਮੈਂ ਹਮੇਸ਼ਾ ਅਜਿਹੀ ਕੁੜੀ ਬਣ ਕੇ ਰਹਿਣਾ ਚਾਹਾਂਗੀ। ਗਲੈਮਰਸ, ਬੋਰਿੰਗ ਅਤੇ ਚਿੜਚਿੜੀ ਕੁੜੀ ਨਾਲੋਂ ਚੰਗਾ ਮੈਂ ਇੱਕ ਸਾਧਾਰਨ, ਸੁੰਦਰ ਅਤੇ ਸਮਝਦਾਰ ਕੁੜੀ ਬਣਨਾ ਪਸੰਦ ਕਰਾਂਗੀ, ਜੋ ਕਦੇ-ਕਦਾਈਂ ਪਾਰਟੀਆਂ ‘ਚ ਵੀ ਚਲੀ ਜਾਂਦੀ ਹੈ। ਮੈਨੂੰ ਆਪਣੀ ਇਮੇਜ ਨਾਲ ਕੋਈ ਸ਼ਿਕਾਇਤ ਨਹੀਂ ਹੈ।
* ਕੀ ਤੁਸੀਂ ਰਾਜਸ੍ਰੀ ਦੀ ‘ਲਵ ਯੂ ਮਿਸਟਰ ਕਲਾਕਾਰ’ ਵਿੱਚ ਉਸੇ ਸਾਧਾਰਨ ਕੁੜੀ ਦਾ ਕਿਰਦਾਰ ਨਿਭਾਅ ਰਹੇ ਹੋ?
- ਮੈਂ ਹਰ ਭਾਰਤੀ ਕੁੜੀ ਦਾ ਕਿਰਦਾਰ ਇਸ ਫਿਲਮ ਵਿੱਚ ਵੀ ਨਿਭਾਅ ਰਹੀ ਹਾਂ, ਜਿਸ ਨੂੰ ਤੁਸੀਂ ਗਰਲ-ਨੈਕਸਟ ਡੋਰ ਕਰਿੰਦੇ ਹੋ, ਪਰ ਰਾਜਸ੍ਰੀ ਦੀ ਮੇਰੀ ਪਿਛਲੀ ਫਿਲਮ ‘ਵਿਵਾਹ’ ਨਾਲੋਂ ਇਹ ਕਿਰਦਾਰ ਬਿਲਕੁਲ ਵੱਖਰਾ ਹੈ। ਉਸ ਫਿਲਮ ਵਿੱਚ ਮੇਰਾ ਸਭ ਕੁਝ ਕੁਰਬਾਨ ਕਰ ਦੇਣ ਵਾਲਾ ਕਿਰਦਾਰ ਸੀ, ਜਿਸ ਵਿੱਚ ਅਨੋਖੀ ਅੰਦਰੂਨੀ ਸਖਤੀ ਸੀ। ‘ਲਵ ਯੂ ਮਿਸਟਰ ਕਲਾਕਾਰ’ ਵਿੱਚ ਮੈਂ ਇੱਕ ਮੈਨੇਜਮੈਂਟ ਟ੍ਰੇਨੀ ਦਾ ਕਿਰਦਾਰ ਨਿਭਾ ਰਹੀ ਹਾਂ, ਜੋ ਮੁੰਬਈ ਦੇ ਇੱਕ ਵੱਡੇ ਕਾਲਜ ਤੋਂ ਪੜ੍ਹ ਕੇ ਆਈ ਹੈ, ਜਿਸਦੀ ਸ਼ਖਸੀਅਤ ਬੜੀ ਅਸਰਦਾਰ ਹੈ ਤੇ ਕਾਰਪੋਰੇਟ ਜਗਤ ਵਿੱਚ ਕੁਝ ਕਰਨਾ ਚਾਹੁੰਦੀ ਹੈ।
* ਤੁਸੀਂ ਤੁਸ਼ਾਰ ਨਾਲ ਪਹਿਲੀ ਵਾਰ ਕੰਮ ਕੀਤਾ ਹੈ। ਕਿਹੋ ਜਿਹਾ ਤਜਰਬਾ ਰਿਹਾ?
- ਮੈਂ ਨਿੱਜੀ ਤੌਰ ‘ਤੇ ਨੋਟਿਸ ਕੀਤਾ ਹੈ ਕਿ ਤੁਸ਼ਾਰ ਨੇ ਇੱਕ ਕਲਾਕਾਰ ਦੇ ਤੌਰ ‘ਤੇ ਕਾਫੀ ਬਿਹਤਰ ਪ੍ਰਦਰਸ਼ਨ ਕੀਤਾ ਹੈ। ਜਦੋਂ ਉਹ ‘ਲਵ ਯੂ ਮਿਸਟਰ ਕਲਾਕਾਰ’ ਦੀ ਸ਼ੂਟਿੰਗ ਕਰ ਰਿਹਾ ਸੀ ਤਾਂ ਮੈਂ ਉਸ ਦੀ ‘ਗੋਲਮਾਲ’ ਦੇਖੀ ਸੀ। ਤੁਸ਼ਾਰ ਨੇ ਫਿਲਮ ਵਿੱਚ ਜੋ ਕੰਮ ਕੀਤਾ ਹੈ, ਉਹ ਮੈਨੂੰ ਬੇਹੱਦ ਪਸੰਦ ਆਇਆ। ਮੈਂ ਹੈਰਾਨ ਸੀ। ਫਿਲਮ ਦੇਖਣ ਪਿੱਛੋਂ ਮੈਂ ਤੁਸ਼ਾਰ ਨੂੰ ਵਧਾਈ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ ਸਨ।


