ਪ੍ਰੀਟੀ ਲਵੇਗੀ ਹਾਲੀਵੁੱਡ ‘ਚ ਟਰੇਨਿੰਗ
On 28 July 2011 in ਫਿਲਮੀਂ
ਆਖਰਕਾਰ ‘ਡਿੰਪਲ ਗਰਲ’ ਪ੍ਰੀਟੀ ਜਿੰਟਾ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਕ੍ਰਿਕਟ ਦੇ ਜ਼ਰੀਏ ਉਹ ਪੈਸੇ ਚਾਹੇ ਜਿੰਨੇ ਕਮਾ ਲਵੇ, ਲੋਕਪ੍ਰਿਅਤਾ ਫਿਲਮਾਂ ਨਾਲ ਹੀ ਮਿਲ ਸਕਦੀ ਹੈ। ਇਸ ਲਈ ਉਸ ਨੇ ਫੈਸਲਾ ਕੀਤਾ ਹੈ ਕਿ ਹੁਣ ਉਹ ਹਾਲੀਵੁੱਡ ਦੀ ਫਿਟਨੈਸ ਟਰੇਨਰ ਟ੍ਰੈਸੀ ਐਂਡਰਸਨ ਤੋਂ ਟਰੇਨਿੰਗ ਲਵੇਗੀ।
ਗੌਰ ਤਲਬ ਹੈ ਕਿ ਪ੍ਰੀਟੀ ਨੇ ਖੁਦ ਦਾ ਪ੍ਰੋਡਕਸ਼ਨ ਹਾਊਸ ਖੋਲ੍ਹਿਆ ਹੈ, ਜਿਸ ਦੇ ਅਧੀਨ ਉਹ ਪ੍ਰੇਮ ਸੋਨੀ ਦੇ ਨਿਰਦੇਸ਼ਨ ਵਿੱਚ ਫਿਲਮ ‘ਇਸ਼ਕ ਇਨ ਪੈਰਿਸ’ ਬਣਾ ਰਹੀ ਹੈ। ਹਾਲਾਂਕਿ ਇਸ ਫਿਲਮ ਲਈ ਪ੍ਰੀਟੀ ਨੇ ਫਰੈਂਚ ਸਿਨੇਮਾ ਦੇ ਦੋ ਕਲਾਕਾਰਾਂ; ਫੈਬ੍ਰਿਸ ਲੁਚਿਨੀ ਅਤੇ ਕੈਥਰੀਨ ਡੇਨਿਵ ਨੂੰ ਸਾਈਨ ਕੀਤਾ ਹੈ, ਲੇਕਿਨ ਪਤਾ ਲੱਗਾ ਹੈ ਕਿ ਇਸ ਵਿੱਚ ਪ੍ਰੀਟੀ ਖੁਦ ਪੈਰਿਸ ਦੀ ਲੜਕੀ ਦਾ ਰੋਲ ਕਰੇਗੀ। ਜ਼ਾਹਿਰ ਹੈ ਕਿ ਪ੍ਰੀਟੀ ਨੇ ਜਦ ਅੰਤਰ ਰਾਸ਼ਟਰੀ ਕਲਾਕਾਰਾਂ ਨਾਲ ਟੱਕਰ ਲੈਣੀ ਹੈ ਤਾਂ ਆਪਣਾ ਗਲੋਬਲ ਲੁਕ ਲੈਣ ਲਈ ਉਸ ਨੇ ਟ੍ਰੈਸੀ ਨੂੰ ਚੁਣਿਆ ਹੈ, ਜੋ ਪ੍ਰੀਟੀ ਤੋਂ ਪਹਿਲਾਂ ਮੈਡੋਨਾ, ਸ਼ਕੀਰਾ, ਜੈਨੀਫਰ ਏਨਿਸਟਨ ਅਤੇ ਜੈਨੀਫਰ ਲੋਪੇਜ ਨੂੰ ਟ੍ਰੇਨਿੰਗ ਦੇ ਚੁੱਕੀ ਹੈ।


