ਕੈਸਲ ਮੋਰ ਸੀਨੀਅਰ ਕਲੱਬ ਦਾ ਮੇਲਾ ਸੰਪਨ
On 25 August 2011 in ਕੈਨੇਡਾ
ਬਰੈਂਪਟਨ : ਅਜੀਤ ਸਿੰਘ ਰੱਖੜਾ
ਬੀਤੇ ਸ਼ਨਿਚਰਵਾਰ 20 ਅਗਸਤ 2011 ਨੂੰ ਕੈਸਲ ਮੋਰ ਸੀਨੀਅਰ ਕਲੱਬ ਦਾ ਸਲਾਨਾ ਜੋੜ ਮੇਲਾ ਬੜੀ ਕਾਮਯਾਬੀ ਨਾਲ ਸਮਾਪਤ ਹੋਇਆ । ਭਾਰਤ ਅਤੇ ਕਨੇਡਾ ਦੀ ਅਜ਼ਾਦੀ ਨੂੰ ਸਮਰਪਿਤ ਇਸ ਮੇਲੇ ਵਿਚ ਹਜਾਰ ਤੋਂ ਉਪਰ ਮਾਤਾਵਾਂ,ਬਜ਼ੁਰਗਾਂ ਅਤੇ ਨੌਜੁਆਨਾ ਨੇ ਸ਼ਮੂਲੀਅਤ ਕੀਤੀ । ਤਰ੍ਹਾਂ ਤਰ੍ਹਾਂ ਦੀਆਂ ਗੇਮਾਂ ਤੋਂ ਇਲਾਵਾ ਇਸ ਇਕੱਠ ਵਿਚ ਕਵਿਤਾ ,ਭਾਸ਼ਨ ਅਤੇ ਪੁਲੀਟੀਕਲ ਡੀਮਾਂਡ ਚਾਰਟਰ ਵੀ ਰੱਖੇ ਗਏ । ਬੀਬੀ ਹਰਿੰਦਰ ਮੱਲੀ,ਖੁਦ ਮੱਲੀ ਸਾਹਿਬ ਅਤੇ ਵਿਕੀ ਢਿਲੋਂ ਨੇ ਵੀ ਵਿਚਾਰ ਪੇਸ਼ ਕੀਤੇ । ਤਕਰੀਬਨ 15 ਮੇਲਾ ਸਪੌਂਸਰਜ਼ ਦੇ ਨਾਮ ਦਸੇ ਗਏ ਜਿਨ੍ਹਾਂ ਨੇ ਮੇਲੇ ਵਾਸਤੇ 100 ਡਾਲਰ ਤੋਂ ਵਧ ਮਾਇਆ ਦਿਤੀ ਸੀ । ਭਾਈ ਬਖਤਾਵਰ ਸਿੰਘ ,ਬਾਬੂ ਸਿੰਘ ਅਤੇ ਲਛਮਣ ਸਿੰਘ ਗਾਖਲ ਨੇ ਕਵਿਤਾਵਾਂ ਪੜ੍ਹੀਆਂ । ਸਰਦਾਰ ਦਲਬੀਰ ਸਿੰਘ ਕੰਬੋਜ਼ ਨੇ ਸਕੂਲਾਂ ਵਿਚ ਯੂਨੀਫਾਰਮ ਅਤੇ ਬਰੈਂਪਟਨ ਲਈ ਯੂਨੀਵਰਸਟੀ ਬਣਾਉਣ ਦੀ ਵਕਾਲਤ ਕੀਤੀ । ਸਕੂਲ ਟਰੱਸਟੀ ਬੀਬੀ ਹਰਿੰਦਰ ਮਲੀ ਨੇ ਤਕੀਦ ਕੀਤੀ ਕਿ ਜੇ ਤੁਸੀਂ ਚਹੁੰਦੇ ਹੋ ਕਿ ਸਕੂਲਾਂ ਵਿਚ ਯੂਨੀਫਾਰਮ ਲਾਗੂ ਹੋਵੇ ਤਾਂ ਆਊਣ ਵਾਲੇ ਦਿਨਾਂ ਵਿਚ ਸਕੂਲਾਂ ਤੋਂ ਆਉਣ ਵਾਲੇ ਇਕ ਸਰਵੇ ਫਾਰਮ ਵਿਚ ਹਾਂ ਪੱਖੀ ਅੰਦਰਾਜ਼ ਕਰੋ ਤਾਂ ਜੋ ਸਕੂ਼ਲ ਵਾਲੇ ਇਹ ਕਨੂੰਨ ਬਣਾ ਸਕਣ । ਯਾਦ ਰਹੇ ਕਿ ਇਸ ਤਰ੍ਹਾਂ ਦਾ ਸਰਵੇ ਕੁਝ ਕੁ ਸਾਲ ਪਹਿਲਾਂ ਵੀ ਹੋਇਆ ਸੀ ਪਰ ਲੋਕਾਂ ਨੇ ਪਰਵਾਹ ਹੀ ਨਹੀਂ ਸੀ ਕੀਤੀ ਫਾਰਮ ਭਰਨ ਲਈ ; ਜਿਸ ਕਾਰਣ ਯੂਨੀ ਫਾਰਮ ਲਾਗੂ ਨਹੀਂ ਸੀ ਹੋ ਸਕੀ । ਤਕਰੀਬਨ 18 ਬੁਲਾਰਿਆਂ ਨੇ ਅਜ਼ਾਦੀ ਦਿਵਸਾਂ ਲਈ ਮੁਬਾਰਕਾਂ ਦਿਤੀਆਂ । ਆਖਰ ਵਿਚ ਅਤੇ ਗੇਮਾਂ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਵਤਨ ਸਿੰਘ ਗਿਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ । ਪੰਜਾਬੀਆਂ ਦੇ ਇਕੱਠਾ ਵਿਚ ਅਮੂਮਨ ਲੋਕ ਆਪਣੇ ਵਿਚਾਰ ਦਸਦੇ ਦਸਦੇ ਦੂਸਰਿਆਂ ਦੀਆਂ ਭਾਵਨਾਵਾਂ ਨੂੂੰ ਝਰੀਟਾਂ ਮਾਰ ਜਾਂਦੇ ਹਨ ਜਿਸ ਲਈ ਪ੍ਰਬੰਧਕ ਕਿਸੇ ਤਰ੍ਹਾਂ ਵੀ ਜਿਮੇਵਾਰ ਨਹੀਂ ਠਹਿਰਾਏ ਜਾ ਸਕਦੇ।
ਸਟੇਜ ਅਤੇ ਗੇਮਾਂ ਦੀ ਕੁਮੈਂਟਰੀ ਲਈ ਪਹਿਲੀ ਵਾਰ ਸਰਦਾਰ ਕਸ਼ਮੀਰ ਸਿੰਘ ਦਿਓਲ ਨੇ ਇਸ ਕਲੱਬ ਲਈ ਸੇਵਾ ਕੀਤੀ ਜੋ ਬੇਹਦ ਕਾਮਯਾਬ ਰਿਹਾ । ਸਟੇਜ ਲੇ ਆਊਟ ਅਤੇ ਇਨਾਮ ਵੰਡ ਸਮਾਰੋਹ ਲਈ ਵਿਕਟਰੀ ਸਟੈਂਡ ਦੀ ਅਤੇ ਮਹਿਮਾਨਾਂ ਦੀ ਬੈਠਣ ਤਜ਼ਵੀਜ਼ ਅਜੀਤ ਸਿੰਘ ਰੱਖੜਾ, ਹਰਬੰਸ ਸਿੰਘ ਥਿੰਧ ਅਤੇ ਕਸ਼ਮੀਰ ਸਿੰਘ ਨੇ ਸਿਰੇ ਲਗਾਈ ਜਿਸ ਨਾਲ ਸਮੇ ਦੀ ਬਚਤ ਹੋਈ । ਦੁਪਿਹਰੇ ਇਕ ਵਜੇ ਚਾਲੂ ਹੋਕੇ ਠੀਕ 5 ਵਜੇ (ਵਿਧਾਨਕ ਸਮੇ ) ਬਾਰਸ਼ ਤੋਂ ਪਹਿਲਾਂ ਪਹਿਲਾਂ ਖੇਡਾਂ ਦੀ ਸਮਾਪਤੀ ਕਰਕੇ ਅਖਾੜਾ ਬੀਬੀਆਂ ਦੇ ਸਪੁਰਦ ਕਰ ਦਿਤਾ ਗਿਆ ਜਿਨ੍ਹਾਂ ਨੇ ਤਕਰੀਬਨ ਇਕ ਘੰਟਾ ਗਿਧਾ ਪਾਇਆ ਅਤੇ ਉਸ ਤੋਂ ਬਾਅਦ ਰੱਬ ਨੂੰ,ਬਾਰਸ਼ ਲਈ ਸਮਾ ਦਿਤਾ ਗਿਆ । ਮੇਲੇ ਵਿਚ ਕਈ ਸਜਣਾਂ ਨੇ ਕੁਝ ਗੇਮਾਂ ਵਾਸਤੇ ਤੀਸਰੇ ਨੰਬਰ ਦੇ ਇਨਾਮ,ਨਾ ਰੱਖਣ ਕਰਕੇ ਇਤਰਾਜ ਕੀਤਾ ਜੋ ਪ੍ਰਬੰਧਕਾਂ ਨੇ ਨੋਟ ਕਰ ਲਿਆ । ਕੁਲ ਮਿਲਾਕੇ ਮੇਲੇ ਬਾਰੇ,ਪ੍ਰਬੰਧਿਕ ਅਤੇ ਆਏ ਮਹਿਮਾਨ ਸੰਤੁਸ਼ਟੀ ਦਾ ਇਜ਼ਹਾਰ ਕਰਕੇ ਗਏ ।

