ਬਰਤਾਨਵੀ ਕਾਲ ਤੋਂ ਚੱਲਿਆ ਆਉਂਦਾ ਹੈ ਪੁਲਸ ਹੱਥੋਂ ਕੁਟਾਪਾ
On 29 September 2011 in ਲੇਖ
- ਦਲੀਪ ਸਿੰਘ ਵਾਸਨ
ਪੁਲਸ ਦੀ ਮਾਰ ਜਿਸ ਨੇ ਖਾਧੀ, ਉਹੀ ਦੱਸ ਸਕਦਾ ਹੈ ਕਿ ਕਿੰਨੀਆਂ ਵੀਹਾਂ ਦਾ ਸੌ ਬਣਦਾ ਹੈ। ਟੀ ਵੀ ‘ਤੇ ਇਕ ਮਾਂ ਰੋਂਦੀ ਦਿਖਾਈ ਗਈ ਸੀ, ਜਿਹੜੀ ਆਖ ਰਹੀ ਸੀ ਕਿ ਉਸ ਦਾ ਨੌਜਵਾਨ ਬੱਚਾ ਮੋਟਰ ਸਾਈਕਲ ‘ਤੇ ਬਿਨਾਂ ਹੈਲਮੈਟ ਦੇ ਬੈਠਾ ਪੁਲਸ ਨੇ ਪਕੜ ਲਿਆ ਸੀ। ਪਹਿਲਾਂ ਉਥੇ ਉਸ ਨੂੰ ਕੁਟਾਪਾ ਚਾੜ੍ਹਿਆ ਗਿਆ ਤੇ ਫਿਰ ਥਾਣੇ ਲਿਜਾ ਕੇ ਇੰਨਾ ਕੁੱਟਿਆ ਗਿਆ ਕਿ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਾਉਣਾ ਪਿਆ। ਇਹ ਗੱਲ ਸੱਚ ਵੀ ਹੋ ਸਕਦੀ ਹੈ ਜਾਂ ਵਧਾ ਕੇ ਵੀ ਆਖੀ ਗਈ ਹੋਵੇਗੀ, ਪਰ ਇਹ ਹੈ ਇਕ ਸੱਚਾਈ ਕਿ ਸਾਡੇ ਦੇਸ਼ ਵਿੱਚ ਲੋਕ ਵੱਡੇ-ਵੱਡੇ ਅਫਸਰ ਪਾਸੋਂ ਨਹੀਂ ਡਰਦੇ, ਇਕ ਸਿਪਾਹੀ ਤੋਂ ਡਰਦੇ ਹਨ। ਇਹ ਡਰ ਗਰੀਬਾਂ ਨੂੰ ਵੱਧ ਲੱਗਦਾ ਹੈ, ਕਿਉਂਕਿ ਪੁਲਸ ਦੇ ਹੱਥ ਜੇ ਇਹ ਗਰੀਬ ਲੱਗ ਜਾਣ ਤਾਂ ਉਹ ਕਈ ਵਾਰ ਇੰਨਾ ਮਾਰਦੀ ਹੈ ਕਿ ਆਦਮੀ ਨਕਾਰਾ ਹੋ ਜਾਂਦਾ ਹੈ। ਇਹ ਵੀ ਇਕ ਸੱਚਾਈ ਹੈ ਕਿ ਪੁਲਸ ਅਮੀਰ, ਰਸੂਖ ਵਾਲੇ ਅਤੇ ਕੁਰਸੀਆਂ ‘ਤੇ ਬਿਰਾਜਮਾਨ ਲੋਕਾਂ ਨੂੰ ਕੁਟਾਪਾ ਨਹੀਂ ਚਾੜ੍ਹਦੀ। ਇਹੀ ਕਾਰਨ ਹੈ ਕਿ ਅੱਜ ਹਰ ਕੇਸ ਵਿੱਚ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਜਾਂਦੀ ਹੈ।
ਪੁਲਸ ਪਾਸ ਸਬੂਤ ਇਕੱਠੇ ਕਰਨ ਲਈ ਕੋਈ ਵੀ ਹੋਰ ਤਰੀਕਾ ਨਹੀਂ ਹੁੰਦਾ ਅਤੇ ਜਲਦੀ ਕੀਤਿਆਂ ਕੋਈ ਵੀ ਅਪਰਾਧੀ ਜੁਰਮ ਕਬੂਲ ਨਹੀਂ ਕਰਦਾ। ਇਸ ਲਈ ਮਾਰ ਕੁਟਾਈ ਹੁੰਦੀ ਹੈ। ਇਹ ਸਿਲਸਿਲਾ ਅੰਗਰੇਜ਼ ਸਾਮਰਾਜੀਆਂ ਦੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਇਸ ਕੁਟਾਈ ਨਾਲ ਮੁਜਰਿਮ ਇਹ ਦੱਸ ਦਿੰਦਾ ਹੈ ਕਿ ਉਸ ਨੇ ਚੋਰੀ ਦਾ ਮਾਲ ਕਿੱਥੇ ਰੱਖਿਆ ਹੈ। ਜਿਹੜੇ ਹਥਿਆਰ ਵਰਤੇ ਗਏ ਸਨ, ਉਹ ਕਿੱਥੇ ਹਨ ਅਤੇ ਇਹ ਵੀ ਦੱਸ ਦਿੰਦਾ ਹੈ ਕਿ ਉਸ ਨਾਲ ਹੋਰ ਕਿਹੜੇ ਆਦਮੀ ਸਨ। ਮਾਰ ਕੁਟਾਈ ਕਰਨਾ ਜਾਂ ਮਾਰਕੁਟਾਈ ਦਾ ਡਰ ਦੇ ਕੇ ਗੱਲਾਂ ਕੱਢਵਾਉਣੀਆਂ ਪੁਲਸ ਦਾ ਢੰਗ ਹੈ। ਅਸੀਂ ਜੇ ਆਜ਼ਾਦ ਹੋ ਗਏ ਜਾਂ ਪਰਜਾਤੰਤਰ ਬਣ ਗਏ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਮੁਜਰਿਮ ਅਪਰਾਧ ਕਰਨਾ ਛੱਡ ਗਏ ਹਨ। ਅੱਜ ਕੱਲ੍ਹ ਅੱਗੇ ਨਾਲੋਂ ਜ਼ਿਆਦਾ ਅਪਰਾਧ ਹੋਣ ਲੱਗ ਗਏ ਹਨ ਅਤੇ ਲੋਕਾਂ ਨੇ ਤਰੀਕੇ ਵੀ ਨਵੇਂ ਨਵੇਂ ਅਪਣਾ ਲਏ ਹਨ।
ਅੱਜ ਹਰ ਵਰਗ ਦੇ ਲੋਕ ਅਪਰਾਧ ਕਰਦੇ ਹਨ। ਗਰੀਬ ਵੀ ਅਪਰਾਧ ਕਰਦਾ ਹੈ ਅਤੇ ਅਮੀਰ ਵੀ ਕਰਦਾ ਹੈ, ਪਰ ਜੇਲ ਸਿਰਫ ਗਰੀਬ ਲੋਕ ਜਾਂਦੇ ਹਨ। ਲੱਗਦਾ ਹੈ ਕਿ ਅਮੀਰ ਅਤੇ ਸ਼ਕਤੀਸ਼ਾਲੀ ਲੋਕ ਪੈਸੇ ਦੀ ਵਰਤੋਂ ਕਰਕੇ ਬਚ ਜਾਂਦੇ ਹਨ। ਇਹ ਤਾਂ ਕਦੀ ਵੀ ਸੱਚ ਨਹੀਂ ਹੋ ਸਕਦਾ ਕਿ ਅਪਰਾਧ ਸਿਰਫ ਗਰੀਬ ਆਦਮੀ ਕਰਦਾ ਹੈ।
ਜਦ ਅਸੀਂ ਸਵਿੱਸ ਬੈਂਕਾਂ ਦੇ ਖਾਤਿਆਂ ਦੀ ਗੱਲ ਕਰਦੇ ਹਾਂ ਜਾਂ ਹੋਰ ਘਪਲੇ ਅਤੇ ਘੁਟਾਲੇ ਸਾਡੇ ਸਾਹਮਣੇ ਆ ਰਹੇ ਹਨ, ਇਹ ਸਾਰੇ ਅਮੀਰ ਅਤੇ ਸ਼ਕਤੀਸ਼ਾਲੀ ਲੋਕਾਂ ਦੀਆਂ ਕਾਰਵਾਈਆਂ ਹਨ, ਪਰ ਹਰ ਕੋਈ ਜਾਣਦਾ ਹੈ ਕਿ ਇਹ ਸਾਰੇ ਲੋਕ ਬਚ ਜਾਣਗੇ। ਇਸ ਵਿੱਚ ਕੌਣ ਹੈ, ਜਿਹੜਾ ਅਮੀਰਾਂ ਅਤੇ ਸ਼ਕਤੀਸ਼ਾਲੀ ਲੋਕਾਂ ਦੀ ਮਦਦ ਕਰਦਾ ਹੈ। ਪੁਲਸ ਦਾ ਨਾਂ ਲਿਆ ਜਾ ਸਕਦਾ ਹੈ, ਕਿਉਂਕਿ ਜੇ ਪੁਲਸ ਚਾਹੇ ਤਾਂ ਹਰ ਆਦਮੀ, ਜਿਸ ਦਾ ਨਾਂ ਆ ਰਿਹਾ ਹੈ, ਉਹ ਜੇਲ ਜ਼ਰੂਰ ਜਾਵੇਗਾ। ਕਿੰਨੀਆਂ ਵੀ ਦਲੀਲਾਂ ਕਿਉਂ ਨਾ ਦਿੱਤੀਆਂ ਜਾਣ, ਕੇਸ ਦੀਆਂ ਸੱਚਾਈਆਂ ਐਸੀਆਂ ਹੋਣ ਕਿ ਮਾਣਯੋਗ ਜੱਜ ਸਾਹਿਬਾਨ ਨੂੰ ਸਜ਼ਾ ਕਰਨੀ ਹੀ ਪਵੇ। ਇਹ ਵੀ ਜ਼ਰੂਰੀ ਕਰ ਦਿੱਤਾ ਜਾਵੇ ਕਿ ਜਿਹੜੀ ਰਕਮ ਇਕੱਠੀ ਕੀਤੀ ਗਈ ਹੈ, ਉਹ ਵੀ ਵਾਪਸ ਲਈ ਜਾਵੇ।
ਗਰੀਬ ਦੇ ਸਿਰ ਉਤੇ ਗੜੇ ਪੈਂਦੇ ਹੀ ਰਹਿਣਗੇ, ਕਿਉਂਕਿ ਜੇ ਪੈਸਾ ਵੱਡੀ ਸ਼ੈਅ ਹੈ ਤਾਂ ਹਰ ਆਦਮੀ ਜਿਹੜਾ ਇੱਜ਼ਤ ਨਾਲ ਜਿਊਣ ਦੀ ਇੱਛਾ ਰੱਖਦਾ ਹੈ, ਉਸ ਪਾਸ ਪੈਸਾ ਹੋਣਾ ਚਾਹੀਦਾ ਹੈ। ਜਿਸ ਆਦਮੀ ਪਾਸ ਪੈਸਾ ਨਹੀਂ ਹੈ, ਕਮਜ਼ੋਰੀ ਉਸ ਦੇ ਚਿਹਰੇ ਤੋਂ ਝਲਕਣ ਲੱਗ ਪੈਂਦੀ ਹੈ। ਜੇ ਲੋਕ ਪੁਲਸ ਦੀ ਮਾਰ ਤੋਂ ਬਚਣਾ ਚਾਹੁੰਦੇ ਹਨ ਤਾਂ ਪੈਸਾ ਇਕੱਠਾ ਕਰਨ ਜਾਂ ਜੁਰਮ ਕਰਨ ਹੀ ਨਾ। ਇਹ ਦੋਵੇਂ ਗੱਲਾਂ ਕਦੀ ਵੀ ਹੋਣੀਆਂ ਨਹੀਂ ਅਤੇ ਗਰੀਬ ਆਦਮੀ ਦੇ ਸਿਰ ਗੜੇ ਪੈਂਦੇ ਰਹਿਣਗੇ।

