Wednesday, 22 February 2012, 6:02 PM Toronto Time

ਭਾਰਤੀ ਉਪ ਮਹਾਂਦੀਪ ਤੇ ਪ੍ਰਮਾਣੂ ਸ਼ਸਤਰ

1 Star2 Stars3 Stars4 Stars5 Stars (No Ratings Yet)
Loading ... Loading ...

On 29 September 2011 in ਲੇਖ

- ਮਨੋਹਰ ਸਿੰਘ ਬਤਰਾ
ਜਦੋਂ ਤੋਂ ਭਾਰਤੀ ਉਪ ਮਹਾਂਦੀਪ ਦੇ ਦੋ ਵੱਡੇ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਨੇ ਪ੍ਰਮਾਣੂ ਸ਼ਸਤਰਾਂ ਦੇ ਸਫਲ ਤਜਰਬੇ ਕੀਤੇ, ਉਦੋਂ ਤੋਂ ਇਸ ਖਿਤੇ ਵਿੱਚ ਰਣਨੀਤਕ ਸਥਿਤੀ ਵਿੱਚ ਭਾਰੀ ਪਰਿਵਰਤਨ ਆਇਆ ਹੈ। ਇਸ ਤੋਂ ਪਹਿਲਾਂ ਭਾਰਤ ਨੇ 1974 ਵਿੱਚ ਇਕ ਪ੍ਰਮਾਣੂ ਵਿਸਫੋਟ ਕੀਤਾ ਸੀ, ਜਿਸ ਦਾ ਪੱਛਮੀ ਦੇਸ਼ਾਂ ਵਿੱਚ ਤਿੱਖਾ ਪ੍ਰਤਿਕਰਮ ਹੋਇਆ ਸੀ ਤੇ ਭਾਰਤ ਉਤੇ ਪ੍ਰਮਾਣੂ ਬਿਜਲੀ ਪੈਦਾ ਕਰਨ ਲਈ ਕਈ ਬੰਦਸ਼ਾਂ ਲੱਗੀਆਂ ਸਨ। ਪਾਕਿਸਤਾਨ ਬੜੇ ਚਿਰ ਤੋਂ ਪ੍ਰਮਾਣੂ ਹਥਿਆਰ ਬਣਾਉਣ ਲਈ ਚੀਨ ਤੇ ਉਤਰੀ ਕੋਰੀਆ ਤੋਂ ਜ਼ਰੂਰੀ ਕਲ ਪੁਰਜ਼ੇ ਅਤੇ ਸਮੱਗਰੀ ਪ੍ਰਾਪਤ ਕਰ ਰਿਹਾ ਸੀ। ਉਸ ਦੇਸ਼ ਅੰਦਰ ਵਿਗਿਆਨੀ ਅਬਦੁਲ ਕਦੀਰ ਖਾਨ ਬੜੀ ਸਰਗਰਮੀ ਨਾਲ ਐਟਮ ਬੰਬ ਬਣਾਉਣ ਦੇ ਆਹਰ ਵਿੱਚ ਲਗਾ ਹੋਇਆ ਸੀ। ਉਹ ਜ਼ੁਲਫਕਾਰ ਅਲੀ ਭੁੱਟੋ ਦੇ ਇਕ ਅਜਿਹਾ ਬੰਬ ਤਿਆਰ ਕਰਨ ਦੀ ਇੱਛਾ ਦੀ ਪੂਰਤੀ ਲਈ ਹੰਭਲੇ ਮਾਰ ਰਿਹਾ ਸੀ, ਜਿਸ ਨੂੰ ਉਹ ਇਸਲਾਮੀ ਬੰਬ ਦਾ ਨਾਂ ਦੇਣਾ ਲੋਚਦਾ ਸੀ।
ਜਦ ਭਾਰਤ ਨੇ 12 ਤੇ 13 ਮਈ 1998 ਨੂੰ ਪੰਜ ਪ੍ਰਮਾਣੂ ਤਜਰਬੇ ਕੀਤੇ, ਤਾਂ ਪਾਕਿਸਤਾਨ ਨੇ 30 ਅਤੇ 31 ਮਈ ਨੂੰ ਉਨ੍ਹਾਂ ਦਾ ਛੇ ਵਿਸਫੋਟਾਂ ਨਾਲ ਜਵਾਬ ਦਿੱਤਾ। ਉਸ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਮੀਆ ਨਵਾਜ਼ ਸ਼ਰੀਫ ਨੇ ਟੀ ਵੀ ਉਤੇ ਬੋਲਦਿਆਂ ਉਸ ਇਕ ਵਧੀਕ ਵਿਸਫੋਟ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ। ਏਸ਼ੀਆ ਮਹਾਦੀਪ ਵਿੱਚ ਚੀਨ ਪਹਿਲਾਂ ਹੀ 1964 ਵਿੱਚ ਪ੍ਰਮਾਣੂ ਸ਼ਸਤਰ-ਸ਼ਕਤੀ ਬਣ ਚੁੱਕਾ ਸੀ।
ਸੋਚਣ ਵਾਲੀ ਗੱਲ ਹੈ ਕਿ ਕੀ ਭਾਰਤੀ (ਦੱਖਣੀ ਏਸ਼ੀਆਈ) ਉਪ ਮਹਾਂਦੀਪ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਪ੍ਰਮਾਣੂ ਸ਼ਸਤਰ ਭੰਡਾਰਾਂ ਕਾਰਨ ਇਹ ਖਿੱਤਾ ਵਿਸ਼ਵ ਵਿੱਚ ਅੱਤ ਖਤਰਨਾਕ ਇਲਾਕਾ ਬਣ ਗਿਆ ਹੈ ਜਾਂ ਇਨ੍ਹਾਂ ਖਤਰਨਾਕ ਅੰਬਾਰਾਂ ਕਾਰਨ ਵੱਡੇ ਪੈਮਾਨੇ ‘ਤੇ ਜੰਗ ਦੀਆਂ ਸੰਭਾਵਨਾਵਾਂ ਘਟ ਗਈਆਂ ਹਨ। ਕੁਝ ਨੀਤੀਵਾਨਾਂ ਦਾ ਵਿਚਾਰ ਹੈ ਕਿ ਦੋਵਾਂ ਦੇਸ਼ਾਂ ਦੇ ਪਿਛੋਕੜ ਨੂੰ ਵੇਖਦਿਆਂ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਕਿਸੇ ਛੋਟੇ ਝਗੜੇ ਦੇ ਨਤੀਜੇ ਵਜੋਂ ਪਾਕਿਸਤਾਨ ਆਪਣਾ ਸੰਤੁਲਨ ਗਵਾ ਸਕਦਾ ਹੈ ਤੇ ਉਹ ਆਪਣੇ ਐਟਮੀ ਹਥਿਆਰ ਵਰਤ ਕੇ ਭਾਰਤ ਨੂੰ ਨੁਕਸਾਨ ਪਹੁੰਚ ਸਕਦਾ ਹੈ, ਜੋ ਉਸ ਦੇ ਤਅੱਸੁਬੀ ਤੱਤਾਂ ਨੂੰ ਪ੍ਰਸੰਨ ਕਰੇਗਾ, ਕਿਉਂਕਿ ਭਾਰਤ ਜ਼ਿਆਦਾ ਜ਼ਿੰਮੇਵਾਰ ਅਤੇ ਯੱਥਾ ਸਥਿਤੀ ਵਿੱਚ ਯਕੀਨ ਰੱਖਣ ਵਾਲਾ ਦੇਸ਼ ਹੋਣ ਕਾਰਨ ਪਹਿਲਾਂ ਪ੍ਰਮਾਣੂ ਸ਼ਸਤਰਾਂ ਦੀ ਵਰਤੋਂ ਨਹੀਂ ਕਰੇਗਾ। ਨਾਲੇ ਭਾਰਤ ਨੇ ਖੁੱਲ੍ਹਮ ਖੁੱਲਾ ਐਲਾਨ ਕੀਤਾ ਹੋਇਆ ਹੈ ਕਿ ਉਹ ਕਦੇ ਵੀ ਪਹਿਲਾਂ ਪ੍ਰਮਾਣੂ ਸ਼ਸਤਰ ਨਹੀਂ ਵਰਤੇਗਾ। ਇਸ ਦੇ ਉਲਟ ਪਾਕਿਸਤਾਨ ਨੇ ਇਹੋ ਜਿਹਾ ਕੋਈ ਐਲਾਨ ਨਹੀਂ ਕੀਤਾ। ਉਸ ਦੇਸ਼ ਦੇ ਸਿਆਸਤਦਾਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਅਜਿਹੀ ਹਾਲਤ ਵਿੱਚ, ਜਦੋਂ ਉਨ੍ਹਾਂ ਨੂੰ ਭਾਸੇ ਕਿ ਕੋਈ ਦੇਸ਼ ਰਵਾਇਤੀ ਹਥਿਆਰਾਂ ਨਾਲ ਵੀ ਉਸ ਦੇਸ਼ ਨੂੰ ਚੋਖਾ ਨੁਕਸਾਨ ਪਹੁੰਚਾ ਰਿਹਾ ਹੈ, ਉਹ ਉਸ ਵਿਰੁੱਧ ਆਪਣੇ ਪ੍ਰਮਾਣੂ ਸ਼ਸਤਰ ਵਰਤ ਸਕਦੇ ਹਨ। ਇਸ ਦਾ ਮਤਲਬ ਹੈ ਕਿ ਕੋਈ ਵੀ ਮੁਲਕ ਤੇ ਖਾਸ ਕਰਕੇ ਭਾਰਤ ਇਸ ਸਦੀਵੀ ਵਿਸ਼ਵਾਸ ਵਿੱਚ ਨਹੀਂ ਰਹਿ ਸਕਦਾ ਕਿ ਸਾਡਾ ਗੁਆਂਢੀ ਦੇਸ਼ ਕਦੀ ਵੀ ਪ੍ਰਮਾਣੀ ਸ਼ਸਤਰ ਵਰਤਣ ਬਾਰੇ ਨਹੀਂ ਸੋਚੇਗਾ।
ਭਾਵੇਂ ਭਾਰਤ ਦੀ ਨੀਤੀ ਅਨੁਸਾਰ ਕਿਸੇ ਦੇਸ਼ ਵਲੋਂ ਸਾਡੇ ‘ਤੇ ਪ੍ਰਮਾਣੂ ਹਥਿਆਰ ਚਲਾਉਣ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ, ਪਰ ਪ੍ਰਮਾਣੂ ਸ਼ਕਤੀ ਦੀ ਪਹਿਲਾਂ ਵਰਤੋਂ ਤੋਂ ਕਾਫੀ ਨੁਕਸਾਨ ਹੋ ਸਕਦਾ ਹੈ, ਜਿਸ ਦੇ ਬੜੇ ਖਤਰਨਾਕ ਨਤੀਜੇ ਨਿਕਲ ਸਕਦੇ ਹਨ। ਇਸੇ ਕਾਰਨ ਬਹੁਤ ਨੀਤੀ ਘਾੜੇ ਐਟਮੀ ਸ਼ਕਤੀ ਨੂੰ ਵਰਜਕ ਸ਼ਕਤੀ ਕਹਿੰਦੇ ਹਨ, ਜਿਸ ਦਾ ਮਤਲਬ ਹੈ ਕਿ ਕੋਈ ਵੀ ਦੇਸ਼ ਕਿਸੇ ਹੋਰ ਦੇਸ਼ ਵਿਰੁੱਧ ਪ੍ਰਮਾਣੂ ਹਥਿਆਰ ਵਰਤਣ ਦੀ ਨਹੀਂ ਸੋਚ ਸਕਦਾ, ਕਿਉਂਕਿ ਉਸ ਦੇ ਜਵਾਬ ਵਿੱਚ ਕੀਤੀ ਜਾਣ ਵਾਲੀ ਕਾਰਵਾਈ ਕਾਫੀ ਘਾਤਕ ਸਿੱਧ ਹੋ ਸਕਦੀ ਹੈ। ਜਦੋਂ ਪਾਕਿਸਤਾਨ ਨੇ 1999 ਵਿੱਚ ਕਾਰਗਿਲ ਦੀਆਂ ਉਚੀਆਂ ਪਹਾੜੀਆਂ ‘ਤੇ ਘੁਸਪੈਠ ਕੀਤੀ, ਜਿਸ ਦਾ ਮਕਸਦ ਭਾਰਤ ਵਲੋਂ ਸਿਆਚਿਨ ਦੀਆਂ ਆਪਣੀਆਂ ਸੈਨਾਵਾਂ ਨੂੰ ਜ਼ਰੂਰੀ ਸਾਮਾਨ ਆਦਿ ਭੇਜੇ ਜਾਣ ਦੇ ਰਸਤੇ ਵਿੱਚ ਅੜਿੱਕਾ ਡਾਹੁਣਾ ਅਤੇ ਵਿਸ਼ਵ ਦਾ ਧਿਆਨ ਮੁੜ ਕਸ਼ਮੀਰ ਮਾਮਲੇ ਵੱਲ ਮੋੜਨਾ ਸੀ, ਤਾਂ ਉਸ ਕਠਿਨ ਹਾਲਤ ਵਿੱਚ ਭਾਰਤ ਦਾ ਰਵੱਈਆ ਕੀ ਹੋ ਸਕਦਾ ਸੀ?
ਸ਼ੁਕਰ ਹੈ ਭਾਰਤ ਨੇ ਪ੍ਰਮਾਣੂ ਸ਼ਸਤਰ ਸ਼ਕਤੀ ਤੋਂ ਕੰਮ ਨਹੀਂ ਲਿਆ, ਕਿਉਂਕਿ ਇਸ ਦੀ ਨੀਤੀ ਕਿਸੇ ਵੀ ਦੇਸ਼ ਦੇ ਵਿਰੁੱਧ ਪਹਿਲਾਂ ਐਟਮੀ ਸ਼ਕਤੀ ਦੀ ਵਰਤੋਂ ਨਾ ਕਰਨ ਦੀ ਸੀ। ਇਸ ਦਾ ਇਕ ਕਾਰਨ ਸ਼ਾਇਦ ਇਹ ਸੀ ਕਿ ਭਾਰਤ ਨੂੰ ਪਾਕਿਸਤਾਨ ਕੋਲ ਪ੍ਰਮਾਣੂ ਹਥਿਆਰਾਂ ਦੀ ਹੋਂਦ ਦਾ ਗਿਆਨ ਸੀ ਤੇ ਦੋਵਾਂ ਧਿਰਾਂ ਵਲੋਂ ਇਨ੍ਹਾਂ ਸ਼ਸਤਰਾਂ ਦੀ ਵਰਤੋਂ ਹੋ ਜਾਂਦੀ ਤਾਂ ਉਸ ਦੇ ਅਣਕਿਆਸੇ ਨਤੀਜੇ ਨਿਕਲ ਸਕਦੇ ਸਨ। ਉਸ ਤੋਂ ਮਗਰੋਂ ਇਕ ਅਤਿਅੰਤ ਭੜਕਾਊ ਘਟਨਾ ਉਦੋਂ ਵਾਪਰੀ, ਜਦੋਂ 13 ਦਸੰਬਰ 2001 ਨੂੰ ਪਾਕਿਸਤਾਨੀ ਦਹਿਸ਼ਤਗਰਦਾਂ ਨੇ ਭਾਰਤੀ ਸੰਸਦ ਉਤੇ ਹਮਲਾ ਕਰ ਦਿੱਤਾ। ਜੇ ਉਹ ਹਮਲਾ ਕਾਮਯਾਬ ਹੋ ਜਾਂਦਾ ਤਾਂ ਪਾਰਲੀਮੈਂਟ ਦੇ ਘੱਟੋ ਘੱਟ ਅੱਧੇ ਮੈਂਬਰ ਮਾਰੇ ਜਾਂਦੇ। ਭਾਰਤ ਦੀ ਖੁਸ਼ਕਿਸਮਤੀ ਨਾਲ ਸੰਸਦ ਦੇ ਅੱਠ ਸੁਰੱਖਿਆ ਮੁਲਾਜ਼ਮ ਨੇ ਆਪਣੇ ਪ੍ਰਾਣ ਦੇ ਕੇ ਸਾਰੇ 6 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।
14 ਮਈ 2002 ਨੂੰ ਪਾਕਿਸਤਾਨ ਦੇ ਆਤਮਘਾਤੀ ਦਹਿਸ਼ਤਗਰਦਾਂ ਨੇ ਜੰਮੂ ਦੇ ਨੇੜੇ ਕਾਲੂਚੱਕ ਵਿੱਚ ਭਾਰਤ ਦੇ ਇਕ ਫੌਜੀ ਟਿਕਾਣੇ ‘ਤੇ ਹਮਲਾ ਕਰ ਕੇ 33 ਬੰਦੇ ਮਾਰ ਦਿੱਤੇ, ਜਿਨ੍ਹਾਂ ਵਿੱਚ ਬਹੁਤ ਸਾਰੀਆਂ ਔਰਤਾਂ ਤੇ ਬੱਚੇ ਸਨ। ਭਾਰਤ ਵਿੱਚ ਰੋਸ ਦੀ ਲਹਿਰ ਦੌੜ ਗਈ, ਪਰ ਅਮਰੀਕਾ ਨੇ ਭਾਰਤ ਨੂੰ ਤਾਕਤ ਦੀ ਵਰਤੋਂ ਦੀ ਥਾਂ ਕੋਈ ਡਿਪਲੋਮੈਟਿਕ ਹੱਲ ਲੱਭਣ ਦੀ ਸਲਾਹ ਦਿੱਤੀ। ਮਈ 2002 ਦੇ ਅਖੀਰ ਵਿੱਚ ਅਮਰੀਕਾ ਵਲੋਂ ਪਾਕਿਸਤਾਨੀ ਨੇਤਾ ਜਨਰਲ ਮੁਸ਼ੱਰਫ ਨੂੰ ਜ਼ੋਰ ਦੇ ਕੇ ਕਿਹਾ ਗਿਆ ਕਿ ਉਹ ਕੰਟਰੋਲ ਰੇਖਾ ਤੋਂ ਘੁਸਪੈਠ ਕਰਨਾ ਬੰਦ ਕਰੇ। ਜੂਨ ਵਿੱਚ ਭਾਰਤ ਨੇ ਅਨੁਭਵ ਕੀਤਾ ਕਿ ਘੁਸਪੈਠ ਘਟ ਗਈ ਹੈ। ਅਕਤੂਬਰ 2002 ਤੱਕ ਭਾਰਤ ਨੇ ਆਪਣੀਆਂ ਬਾਹਰਲੀਆਂ ਸੈਨਾਵਾਂ ਸਰਹੱਦ ਤੋਂ ਵਾਪਸ ਬੁਲਾ ਲਈਆਂ, ਜਿਹੜੀਆਂ ਪਾਰਲੀਮੈਂਟ ‘ਤੇ ਹੋਏ ਹਮਲੇ ਤੋਂ ਪਿੱਛੋਂ ਉਥੇ ਭੇਜੀਆਂ ਗਈਆਂ ਸਨ।
ਕੀ ਪੰਜ ਵੱਡੀਆਂ ਤਾਕਤਾਂ ਅਮਰੀਕਾ, ਰੂਸ, ਚੀਨ ਜਰਮਨੀ ਅਤੇ ਫਰਾਂਸ ਆਪਣੇ ਪ੍ਰਮਾਣੂ ਹਥਿਆਰ ਨਸ਼ਟ ਕਰਨ ਲਈ ਰਾਜ਼ੀ ਹੋਣਗੀਆਂ? ਹੁਣ ਇਰਾਨ ਵੀ ਐਟਮ ਬੰਬ ਬਣਾਉਣ ਨੂੰ ਤਿਆਰ ਖੜਾ ਹੈ। ਹੁਣ ਤੱਕ 1945 ਵਿੱਚ ਕੇਵਲ ਜਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਉਤੇ ਇਕ-ਇਕ ਬੰਬ ਵਰ੍ਹਾਇਆ ਗਿਆ ਹੈ, ਜਿਸ ਤੋਂ ਦੁਨੀਆ ਹਾਲੇ ਤੱਕ ਕੰਬਦੀ ਹੈ। ਕੀ ਐਟਮੀ ਹਥਿਆਰਾਂ ਦੀ ਵਰਤੋਂ ਨਾਲ ਉਸ ਤੋਂ ਕਈ ਗੁਣਾ ਤਬਾਹੀ ਨਹੀਂ ਮੱਚੇਗੀ? ਤਬਾਹੀ ਏਨੀ ਹੋਵੇਗੀ ਕਿ ਵਾਤਾਵਰਣ ਵਿੱਚ ਜ਼ਹਿਰ ਫੈਲ ਜਾਵੇਗਾ, ਲੱਖਾਂ ਕਰੋੜਾਂ ਜਾਨਾਂ ਤਬਾਹ ਹੋ ਜਾਣਗੀਆਂ, ਕੋਈ ਫਸਲ ਨਹੀਂ ਉਗ ਸਕੇਗੀ, ਸਮੁੰਦਰਾਂ ਦਾ ਪਾਣੀ ਦੂਸ਼ਤ ਹੋ ਜਾਵੇਗਾ, ਕੋਈ ਜੀਵ ਜੰਤੂ ਨਹੀਂ ਬਚੇਗਾ। ਜਿਹੜੇ ਲੋਕ ਬਚ ਗਏ, ਉਹ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋਣਗੇ। ਧਰਤੀ ਨੂੰ ਮੁੜ ਉਪਜਾਉ ਬਣਨ ਵਿੱਚ ਸਦੀਆਂ ਲੱਗਣਗੀਆਂ। ਸ਼ਾਇਦ ਹੀ ਇਹ ਗ੍ਰਹਿ ਮੁੜ ਉਪਜਾਊ ਬਣੇ ਤੇ ਸਨਅਤਾਂ, ਕਾਰਖਾਨਿਆਂ ਤੇ ਖੁਸ਼ਹਾਲੀ ਦੇ ਸ੍ਰੋਤਾਂ ਦਾ ਕੀ ਬਣੇਗਾ?
ਪ੍ਰਮਾਣੂ ਖਤਰਿਆਂ ਦੇ ਸੋਮੇ ਕੇਵਲ ਭਾਰਤ ਤੇ ਪਾਕਿਸਤਾਨ ਹੀ ਨਹੀਂ, ਐਟਮੀ ਅਤੇ ਹਾਈਡਰੋਜਨ ਬੰਬਾਂ ਦੇ ਮਾਲਕ ਬਹੁਤ ਸਾਰੇ ਦੇਸ਼ ਹਨ। ਫਿਰ ਵੀ ਦੁਨੀਆ ਦੇ ਇਸ ਹਿੱਸੇ ਵਿੱਚ ਜਿਥੇ ਭਾਰਤ ਤੇ ਪਾਕਿਸਤਾਨ ਸਥਿਤ ਹਨ, ਇਨ੍ਹਾਂ ਨੂੰ ਪੂਰੀ ਤਰ੍ਹਾਂ ਸਜੱਗ ਤੇ ਖਬਰਦਾਰ ਰਹਿਣਾ ਪਵੇਗਾ। ਕੀ ਇਹ ਕਿਸੇ ਹਾਲਤ ਵਿੱਚ ਵੀ ਪ੍ਰਮਾਣੂ ਸ਼ਸਤਰ ਸ਼ਕਤੀ ਦਾ ਉਪਯੋਗ ਨਾ ਕਰਨ ਅਤੇ ਇਸ ਦੀ ਵਰਤੋਂ ਦੇ ਖਤਰਨਾਕ ਨਤੀਜਿਆਂ ਤੋਂ ਸੰਸਾਰ ਨੂੰ ਬਚਾਈ ਰੱਖਣਗੇ?

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!