Wednesday, 22 February 2012, 6:02 PM Toronto Time

ਭ੍ਰਿਸ਼ਟਾਚਾਰ ਦੇ ਸਵਾਲ ਉਤੇ ਭਾਰਤੀ ਸਮਾਜ ਦਾ ਦੋਗਲਾਪਣ

1 Star2 Stars3 Stars4 Stars5 Stars (No Ratings Yet)
Loading ... Loading ...

On 29 September 2011 in ਲੇਖ

- ਪ੍ਰੋ. ਬ੍ਰਹਮਜਗਦੀਸ਼ ਸਿੰਘ
ਭਾਰਤੀ ਸਮਾਜ ਇਕ ਅਜੀਬ ਦੋਗਲੇਪਣ ਦਾ ਸ਼ਿਕਾਰ ਹੈ। ਉਂਜ ਤਾਂ ਪੂੰਜੀਵਾਦੀ ਅਰਥ ਵਿਵਸਥਾ ਵਿੱਚ ਇਹ ਦੋਗਲਾਪਣ ਹਰ ਵਿਅਕਤੀ ਵਿੱਚ ਦੇਖਿਆ ਜਾ ਸਕਦਾ ਹੈ, ਪਰ ਭਾਰਤੀ ਸਮਾਜ ਇਸ ਬੀਮਾਰੀ ਦਾ ਕੁਝ ਵਧੇਰੇ ਸ਼ਿਕਾਰ ਹੋ ਚੁੱਕਾ ਹੈ। ਸ਼ਾਇਦ ਸਦੀਆਂ ਦੀ ਗੁਲਾਮੀ ਦੇ ਕਾਰਨ ਭਾਰਤ ਵਾਸੀ ਇਸ ਮਰਜ਼ ਦਾ ਸ਼ਿਕਾਰ ਬਣੇ ਹੋਣ। ਸ਼ੇਖ ਫਰੀਦ ਨੇ ਇਸੇ ਦੋਗਲੇਪਣ ਤੋਂ ਸੁਚੇਤ ਕਰਦਿਆਂ ਫੁਰਮਾਇਆ ਸੀ; ‘ਜਿਨਿ ਮਨਿ ਹੋਰੁ ਮੁਖਿ ਹੋਰੁ ਸੇ ਕਾਂਢੇ ਕਚਿਆ॥’ ਭਾਵ ਕਿ ਜਿਨ੍ਹਾਂ ਲੋਕਾਂ ਦੇ ਮਨਾਂ ਵਿੱਚ ਕੁਝ ਹੋਰ ਹੁੰਦਾ ਹੈ, ਜ਼ੁਬਾਨ ਤੇ ਕੁਝ ਹੋਰ ਆਉਂਦਾ ਹੈ, ਉਹ ਕੱਚੇ ਹੁੰਦੇ ਹਨ। ਉਨ੍ਹਾਂ ਜੀਵਨ ਨੂੰ ਸਫਲ ਨਹੀਂ ਕਿਹਾ ਜਾ ਸਕਦਾ।
ਇਸੇ ਦੋਗਲੇ ਚਰਿੱਤਰ ਦੀ ਝਾਕੀ ਪਿਛਲੇ ਦਿਨੀਂ ਚੱਲ ਰਹੇ ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਸਮੇਂ ਵੀ ਵੇਖਣ ਵਿੱਚ ਆਈ। ਅੰਨਾ ਹਜ਼ਾਰੇ ਦੇ ਸਮਰਥਨ ਵਿੱਚ ਹਜ਼ਾਰਾਂ ਵਿਅਕਤੀਆਂ ਦਾ ਇਕ ਹੜ੍ਹ ਆ ਗਿਆ ਸੀ। ਜਿਹੜੇ ਲੋਕ ਦਿੱਲੀ ਵਿੱਚ ਖੁਦ ਨਹੀਂ ਸਨ ਪਹੁੰਚ ਸਕੇ, ਉਹ ਆਪੋ ਆਪਣੇ ਸ਼ਹਿਰਾਂ ਵਿੱਚ ਇਸ ਅੰਦੋਲਨ ਨੂੰ ਸਮਰਥਨ ਦੇ ਰਹੇ ਸਨ। ਇੰਜ ਪ੍ਰਤੀਤ ਹੁੰਦਾ ਸੀ ਕਿ ਭਾਰਤੀ ਸਮਾਜ ਵਿੱਚ ਭ੍ਰਿਸ਼ਟ ਲੋਕ ਬਸ ਗਿਣਤੀ ਦੇ (ਦਸ ਪੰਦਰਾਂ ਪ੍ਰਤੀਸ਼ਤ) ਹਨ, ਬਾਕੀ ਸਭ ਸ਼ਿਸ਼ਟ ਤੇ ਸਦਾਚਾਰੀ ਹਨ। ਹਕੀਕਤ ਵਿੱਚ ਗੱਲ ਇਸ ਦੇ ਬਿਲਕੁਲ ਉਲਟ ਹੈ। ਭ੍ਰਿਸ਼ਟਾਚਾਰੀਆਂ ਦੀ ਗਿਣਤੀ ਸ਼ਿਸ਼ਟਾਚਾਰੀਆਂ ਤੋਂ ਕਿਧਰੇ ਵਧੇਰੇ ਹੈ। ਆਪੋ ਆਪਣੇ ਖੇਤਰ ਵਿੱਚ ਕੰਮ ਕਰਨ ਵਾਲਾ ਹਰ ਵਿਅਕਤੀ ਭ੍ਰਿਸ਼ਟ ਵਿਧੀਆਂ ਦੁਆਰਾ ਅਧਿਆਪਕ, ਇੰਜੀਨੀਅਰ, ਕਲਰਕ, ਪੁਲਸਮੈਨ, ਪਟਵਾਰੀ, ਤਹਿਸੀਲਦਾਰ, ਉਚ ਅਫਸਰ, ਗੱਲ ਕੀ ਹਰ ਕੋਈ ਆਪਣੇ ਹੱਥ ਰੰਗ ਰਿਹਾ ਹੈ। ਭ੍ਰਿਸ਼ਟ ਲੋਕਾਂ ਨੇ ਆਪਣੇ ਆਪ ਨੂੰ ਭ੍ਰਿਸ਼ਟਾਚਾਰ ਦੀ ਕਲਾ ਵਿੱਚ ਇਸ ਤਰ੍ਹਾਂ ਨਿਪੁੰਨ ਕਰ ਲਿਆ ਹੈ ਕਿ ਲੋਕਪਾਲ ਤਾਂ ਕੀ, ਉਨ੍ਹਾਂ ਨੂੰ ਕੋਈ ਵੀ ਨਹੀਂ ਛੇੜ ਸਕਦਾ।
ਅਸਲ ਗੱਲ ਇਹ ਹੈ ਕਿ ਭ੍ਰਿਸ਼ਟਾਚਾਰ ਸਾਡੇ ਲੋਕਾਂ ਦੀਆਂ ਰਗਾਂ ਵਿੱਚ ਸਮਾਇਆ ਹੋਇਆ ਹੈ। ਇਹ ਦੂਸਰੇ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ। ਹਰ ਇਕ ਨੇ ਬੜੀ ਚਤੁਰਾਈ ਨਾਲ ਇਸ ਉਤੇ ਨਕਾਬ ਪਾ ਰੱਖਿਆ ਹੈ। ਭ੍ਰਿਸ਼ਟਾਚਾਰੀ ਚਰਿੱਤਰ ਨੂੰ ਕੋਈ ਵਿਅਕਤੀ ਖੁਦ ਹੀ ਖਤਮ ਕਰ ਸਕਦਾ ਹੈ, ਕਾਨੂੰਨ ਨਾਲ ਇਸ ਖਾਤਮਾ ਨਹੀਂ ਕੀਤਾ ਜਾ ਸਕਦਾ। ਪਿਛਲੇ ਦਿਨੀਂ ਮੈਂ ਇਕ ਡਾਕਟਰ ਨੂੰ ਪੁੱਛਿਆ ਕਿ ਜਨਮ ਲੈਣ ਤੋਂ ਪਹਿਲਾਂ ਭਰੂਣ ਦੀ ਸ਼ਨਾਖਤ ਦੇ ਵਿਰੁੱਧ ਕਾਨੂੰਨ ਬਣ ਜਾਣ ਕਾਰਨ ਉਸ ਦੀ ਕਮਾਈ ਕਾਫੀ ਘੱਟ ਗਈ ਹੋਵੇਗੀ। ਉਸ ਦਾ ਉਤਰ ਸੁਣ ਕੇ ਮੈਂ ਦੰਗ ਰਹਿ ਗਿਆ। ਮੇਰਾ ਮਿੱਤਰ ਹੋਣ ਕਰਕੇ ਉਸ ਨੇ ਬੜੀ ਨਿਸੰਗਤਾ ਨਾਲ ਉਤਰ ਦਿੱਤਾ ਕਿ ਕਾਨੂੰਨ ਬਣ ਜਾਣ ਕਰਕੇ ਸਗੋਂ ਸਾਡੇ ਰੇਟ ਵਧ ਗਏ ਹਨ। ਅੱਗੇ ਭਰੂਣ ਦੀ ਸ਼ਨਾਖਤ ਦਾ ਕੰਮ ਅਸੀਂ ਪੰਜ ਸੱਤ ਹਜ਼ਾਰ ਰੁਪਏ ਵਿੱਚ ਕਰ ਦੇਂਦੇ ਸਾਂ, ਹੁਣ ਪੰਜਾਹ ਤੋਂ ਸੱਤਰ ਹਜ਼ਾਰ ਰੁਪਏ ਰੁਪਏ ਲੈਂਦੇ ਹਾਂ। ਭ੍ਰਿਸ਼ਟਾਚਾਰ ਦੇ ਵਿਰੁੱਧ ਲੋਕਪਾਲ ਦੀ ਸਥਾਪਨਾ ਹੋਣ ਨਾਲ ਬਾਬੂਆਂ, ਪੁਲਸ ਕਰਮਚਾਰੀਆਂ, ਵਕੀਲਾਂ, ਪਟਵਾਰੀਆਂ, ਅਧਿਆਪਕਾਂ, ਇੰਜੀਨੀਅਰਾਂ ਅਤੇ ਅਫਸਰਾਂ ਦੇ ਵੀ ਰੇਟ ਵਧ ਜਾਣਗੇ।
ਇਕ ਚੰਗੇ ਸਮਾਜ ਦਾ ਨਿਰਮਾਣ ਕਰਨ ਲਈ ਦ੍ਰਿੜ੍ਹ ਇਰਾਦੇ ਦੀ ਜ਼ਰੂਰਤ ਹੁੰਦੀ ਹੈ ਅਤੇ ਇਹ ਦ੍ਰਿੜ੍ਹ ਇਰਾਦਾ ਅੱਜਕੱਲ੍ਹ ਕਿਸੇ ਪਾਸ ਨਹੀਂ ਹੈ। ਵਿਵਸਥਾ ਇਸ ਕਦਰ ਕਰੂਰ ਅਤੇ ਬੇਰਹਿਮ ਬਣ ਚੁੱਕੀ ਹੈ ਕਿ ਹਰ ਕੋਈ ਕਹਿੰਦਾ ਹੈ ਮੈਂ ਕੀ ਲੈਣਾ ਹੈ। ਜੇ ਕੋਈ ਪੁਲਸ ਅਫਸਰ ਭ੍ਰਿਸ਼ਟ ਹੈ, ਸਰਕਾਰੀ ਡਾਕਟਰ ਹਸਪਤਾਲਾਂ ਦੀ ਬਜਾਏ ਆਪਣੇ ਘਰ ਵਿੱਚ ਬੈਠਾ ਪ੍ਰੈਕਟਿਸ ਕਰ ਰਿਹਾ ਹੈ, ਅਧਿਆਪਕ ਸਕੂਲ ਵਿੱਚ ਦਿਆਨਤਦਾਰੀ ਨਾਲ ਪੜ੍ਹਾਉਣ ਦੀ ਥਾਂ ਪ੍ਰਾਈਵੇਟ ਟਿਊਸ਼ਨਾਂ ਕਰਾ ਰਿਹਾ ਹੈ ਤਾਂ ਸਾਡੇ ਸਮਾਜ ਦਾ ਕੋਈ ਵੀ ਸ਼ਖਸ ਉਸ ਵੱਲ ਉਂਗਲ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਲੋਕ ਜਲਸੇ ਜਲੂਸਾਂ ਵਿੱਚ ਹੀ ਗਿੱਧਾ ਪਾਉਣ ਜੋਗੇ ਹਨ, ਜਿਹੜੀ ਮਰਜ਼ੀ ਪਾਰਟੀ ਇਨ੍ਹਾਂ ਤੋਂ ਗਿੱਧਾ ਪੁਆ ਲਵੇ।
ਵੱਖ-ਵੱਖ ਪਾਰਟੀਆਂ ਜਦੋਂ ਆਪੋ ਆਪਣੀਆਂ ਰੈਲੀਆਂ ਕਰਦੀਆਂ ਹਨ ਤਾਂ ਇਨ੍ਹਾਂ ਰੈਲੀਆਂ ਵਿੱਚ ਲੱਖਾਂ ਲੋਕ ਪਹੁੰਚ ਜਾਂਦੇ ਹਨ। ਅਸਲ ਗੱਲ ਇਹ ਹੈ ਕਿ ਪਾਰਟੀਆਂ ਵੱਲੋਂ ਇਨ੍ਹਾਂ ਨੂੰ ਟੀ ਏ, ਡੀ ਏ ਦੇ ਕੇ ਢੋਇਆ ਜਾਂਦਾ ਹੈ। ਅੰਨਾ ਹਜ਼ਾਰੇ ਦੀ ਰੈਲੀ ਵਿੱਚ ਵੀ ਲੋਕਾਂ ਨੂੰ ਵਿਰੋਧੀ ਪਾਰਟੀਆਂ ਵਲੋਂ ਢੋਇਆ ਗਿਆ। ਇਨ੍ਹਾਂ ਦੇ ਖਾਣ ਪਾਣ ਤੇ ਰਿਹਾਇਸ਼ ਦਾ ਜਿੰਮਾ ਵਿਰੋਧੀ ਪਾਰਟੀਆਂ ਨੇ ਚੁੱਕਿਆ ਹੁੰਦਾ ਹੈ। ਟੀ ਵੀ ਚੈਨਲਾਂ ਵਾਲੇ ਸੋਚਦੇ ਹਨ ਕਿ ਲੋਕਾਂ ਵਿੱਚ ਜਾਗ੍ਰਿਤੀ ਆ ਚੁੱਕੀ ਹੈ, ਇਸੇ ਲਈ ਉਹ ਅਜਿਹੇ ਅੰਦੋਲਨਾਂ ਵਿੱਚ ਜਾ ਪਹੁੰਚਦੇ ਹਨ। ਉਹ ਕੀ ਜਾਣਨ ਕਿ ਭਾਰਤੀ ਲੋਕਾਂ ਨੂੰ ਨੀਂਦ ਵਿੱਚ ਤੁਰਨ, ਨੱਚਣ ਅਤੇ ਬੋਲਣ ਦੀ ਵਾਦੀ ਵੀ ਹੈ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live

Speak Your Mind

Tell us what you're thinking...
and oh, if you want a pic to show with your comment, go get a gravatar!