ਕਣਕ ਬੋਰਡ ਦੀ ਸਰਦਾਰੀ ਖ਼ਤਮ ਕਰਨ ਸਬੰਧੀ ਬਿੱਲ ਪੇਸ਼
On 23 October 2011 in ਕੈਨੇਡਾ
ਸਟਾਰ ਨਿਊਜ਼-ਦੂਜੀ ਸੰਸਾਰ ਜੰਗ ਤੋਂ ਲੈ ਕੇ ਚੱਲੀ ਆ ਰਹੀ ਵੀਟ (ਕਣਕ) ਬੋਰਡ ਦੀ ਸਰਦਾਰੀ ਨੂੰ ਖ਼ਤਮ ਕਰਨ ਲਈ ਫੈਡਰਲ ਸਰਕਾਰ ਨੇ ਬਿੱਲ ਮੰਗਲਵਾਰ ਨੂੰ ਆਖਰ ਪਾਰਲੀਮੈਂਟ ਵਿੱਚ ਪੇਸ਼ ਕਰ ਦਿੱਤਾ ਹੈ। ਖੇਤਬਾੜੀ ਮੰਤਰੀ ਗੈਰੀ ਰਿਟਜ਼ ਨੇ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਇਹ ਬਿੱਲ ਪਾਰਲੀਮੈਂਟ ਅਤੇ ਸੈਨੇਟ ਵਿੱਚ ਕ੍ਰਿਸਮਿਸ ਤੋਂ ਪਹਿਲਾਂ ਪਾਸ ਹੋ ਜਾਵੇ ਤਾਂ ਕਿ ਅਗਸਤ 1, 2012 ਤੋਂ ਕਿਸਾਨ ਆਪਣੀ ਕਣਕ ਖੁੱਲ੍ਹੀ ਮੰਡੀ ਵਿੱਚ ਆਪਣੀ ਇੱਛਾ ਮੁਤਾਬਿਕ ਵੇਚ ਸਕਣ।
ਸਰਕਾਰ ਨੇ ਵੀਟ ਬੋਰਡ ਦੀ ਸਹਾਇਤਾ ਲਈ ਸਪੈਸ਼ਲ ਪੈਕੇਜ ਵੀ ਤਿਆਰ ਕੀਤਾ ਹੈ। ਇਹ ਪੈਕੇਜ ਵੀਟ ਬੋਰਡ ਨੂੰ ਦਿੱਤਾ ਜਾਵੇਗਾ ਤਾਂ ਕਿ ਬੋਰਡ ਉਹਨਾਂ ਕਿਸਾਨਾਂ ਨੂੰ ਸੇਵਾਵਾਂ ਪ੍ਰਦਾਨ ਕਰ ਸਕੇ ਜਿਹੜੇ ਹਾਲੇ ਵੀ ਬੋਰਡ ਨਾਲ਼ ਬਣੇ ਰਹਿਣਾ ਚਾਹੁੰਦੇ ਹਨ। ਮੈਨੀਟੋਬਾ ਦੇ ਕੁਝ ਕਿਸਾਨ ਹਾਲੇ ਵੀ ਵੱਡੀ ਪੱਧਰ ਤੇ ਬੋਰਡ ਤੇ ਨਿਰਭਰ ਕਰਦੇ ਹਨ। ਸਰਕਾਰ ਨੇ ਇਹ ਸਹਾਇਤਾ ਸਿਰਫ ਪੰਜ ਸਾਲ ਤੱਕ ਜਾਰੀ ਰੱਖਣ ਦਾ ਮਨ ਬਣਾਇਆ ਉਹ ਵੀ ਜਦੋਂ ਤੱਕ ਖਰੀਦਦਾਰ ਨਹੀਂ ਲੱਭ ਜਾਂਦੇ। ਅਗਰ ਇਹਨਾਂ ਪੰਜਾਂ ਸਾਲਾਂ ਵਿੱਚ ਇਹ ਖਰੀਦਦਾਰ ਲੱਭਣ ਵਿੱਚ ਸਫਲਤਾ ਨਹੀਂ ਮਿਲਦੀ ਤਾਂ ਬੋਰਡ ਨੂੰ ਪਹਿਲਾਂ ਵੀ ਬੰਦ ਕਰ ਦਿੱਤਾ ਜਾਵੇਗਾ।
ਸਟਿਟਸਵੈੱਲ ਦੀ ਦਾਣਾ ਮੰਡੀ ਵਿੱਚ ਸੰਬੋਧਨ ਕਰਦਿਆਂ ਰਿਟਜ਼ ਨੇ ਕਿਹਾ ਕਿ ਫਸਲ ਕਿੱਥੇ ਵੇਚਣੀ ਲਾਹੇਬੰਦ ਸਾਬਤ ਹੋ ਸਕਦੀ ਹੈ ਬਾਰੇ ਆਖਰ ਫੈਸਲਾ ਕਿਸਾਨ ਨੇ ਹੀ ਲੈਣਾ ਹੈ। ਐੱਨ.ਡੀ.ਪੀ ਅਤੇ ਲਿਬਰਲ ਨੇ ਬੇਸ਼ੱਕ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ ਪਰ ਰਿਟਜ਼ ਆਪਣੇ ਫੈਸਲੇ ਤੇ ਸਪੱਸ਼ਟ ਹਨ ਕਿ ਇਸ ਨਾਲ਼ ਲੰਬੇ ਸਮੇਂ ਤੋਂ ਚੱਲੀ ਆ ਰਹੀ ਵੀਟ ਬੋਰਡ ਦੀ ਤਾਨਾਸ਼ਾਹੀ ਖ਼ਤਮ ਹੋ ਜਾਵੇਗੀ ਅਤੇ ਆਪਣੀ ਫਸਲ ਵੇਚਣ ਵਿੱਚ ਕਿਸਾਨਾਂ ਨੂੰ ਖੁੱਲ੍ਹ ਮਿਲ ਜਾਵੇਗੀ। ਉਦਾਹਰਣ ਵਜੋਂ ਰਿਟਜ਼ ਨੇ ਹਾਲ ਹੀ ਵਿੱਚ 50 ਮਿਲੀਅਨ ਡਾਲਰ ਦੀ ਲਾਗਤ ਨਾਲ਼ ਬਣਨ ਵਾਲੇ ਪਾਸਤਾ ਪਲਾਂਟ ਦਾ ਵਰਨਣ ਕੀਤਾ।
ਰਿਟਜ਼ ਨੇ ਵਿਰੋਧੀਆਂ ਤੇ ਤੀਰ ਚਲਾਉਂਦਿਆਂ ਕਿਹਾ ਕਿ ਜਿਵੇਂ ਕੁਝ ਲੋਕ ਇਸ ਦੀ ਨਿਖੇਧੀ ਕਰਦੇ ਇਹ ਤਰ੍ਹਾਂ ਕਹਿ ਰਹੇ ਹਨ ਜਿਵੇਂ ਇਸ ਫੈਸਲੇ ਨਾਲ਼ ਅਸਮਾਨ ਡਿੱਗ ਪਵੇਗਾ। ਬਲਕਿ ਇਸ ਫੈਸਲੇ ਨਾਲ਼ ਅਸਮਾਨ ਤੱਕ ਪਹੁੰਚਣ ਦੀ ਵੀ ਖੁੱਲ੍ਹ ਹੋਵੇਗੀ। ਮੈਨੀਟੋਬਾ ਦੇ ਐੱਨ.ਡੀ.ਪੀ ਐੱਮ.ਪੀ ਨਿੱਕੀ ਐਸ਼ਟਨ ਨੇ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀ ਇੱਛਾ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਹੈ ਕਿਉਂ ਕਿ ਜਿ਼ਆਦਾਤਰ ਕਿਸਾਨਾਂ ਨੇ ਬੋਰਡ ਨੂੰ ਜਿਉਂਦਾ ਰੱਖਣ ਦੇ ਹੱਕ ਵਿੱਚ ਵੋਟ ਪਾਈ ਹੈ।
ਪਰੰਤੂ ਰਿਟਜ਼ ਅਤੇ ਪ੍ਰਧਾਨ ਮੰਤਰੀ ਹਾਰਪਰ ਨੇ ਕਿਸਾਨਾਂ ਦੀ ਮਰਦੁਮਸ਼ੁਮਾਰੀ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸਾਨੂੰ 2 ਮਈ ਦੀ ਚੋਣ ਵਿੱਚ ਵੈਸਟਰਨ ਕਿਸਾਨਾਂ ਨੇ ਇਸੇ ਮੁੱਦੇ ਤੇ ਵੋਟਾਂ ਪਾਈਆਂ ਹਨ। ਅਸਲ ਮਰਦੁਮਸ਼ੁਮਾਰੀ ਤਾਂ 2 ਮਈ ਦੀ ਹੈ। ਜਦੋਂ ਲਿਬਰਲ ਦੇ ਅੰਤਰਿਮ ਨੇਤਾ ਬੋਬ ਰੇਅ ਨੇ ਕਿਹਾ ਕਿ ਸਰਕਾਰ ਨੂੰ ਆਪਣੇ ਇਸ ਫੈਸਲੇ ਤੇ ਸ਼ਰਮ ਆਉਣੀ ਚਾਹੀਦੀ ਹੈ ਤਾਂ ਹਾਰਪਰ ਨੇ ਉਲਟਾ ਸਵਾਲ ਕਰਦਿਆਂ ਪੁੱਛਿਆ ਕਿ ਅਗਰ ਕਿਸਾਨ ਅਜਿਹਾ ਚਾਹੁੰਦੇ ਹਨ ਤਾਂ ਲਿਬਰਲ ਕੋਲ ਇਸ ਖਿੱਤੇ ਚੋਂ ਇੱਕ ਵੀ ਸੀਟ ਕਿਉਂ ਨਹੀਂ ਜਿੱਤੀ ਗਈ। ਹਾਰਪਰ ਨੇ ਕਿਹਾ ਕਿ ਲਿਬਰਲ ਪਾਰਟੀ ਵੈਸਟਰਨ ਕਿਸਾਨਾਂ ਨੂੰ ਸੁਣਦੀ ਹੀ ਨਹੀਂ।
ਰਿਟਜ਼ ਨੇ ਦੱਸਿਆ ਕਿ ਵੀਟ ਬੋਰਡ ਨੂੰ ਖ਼ਤਮ ਕਰਨ ਲਈ ਵੈਸਟ ਦੇ ਕਿਸਾਨ ਦਹਾਕਿਆਂ ਤੋਂ ਮੰਗ ਕਰ ਰਹੇ ਹਨ। ਮੰਤਰੀ ਨੇ ਅੱਗੇ ਕਿਹਾ ਕਿ ਇਹ ਗ਼ਲਤ ਧਾਰਨਾ ਹੈ ਕਿ ਛੋਟੇ ਕਿਸਾਨ ਬੋਰਡ ਦੇ ਖ਼ਾਤਮੇ ਤੋਂ ਬਾਅਦ ਮਾਰਕੀਟਿੰਗ ਨਹੀਂ ਕਰ ਸਕਣਗੇ ਅਤੇ ਆਪਣੀ ਫਸਲ ਨਹੀਂ ਵੇਚ ਸਕਣਗੇ।

