ਸੈਨੇਟ ਕਮੇਟੀ ਕਰੇਗੀ ਜਾਂਚ- ਅਮੈਰਿਕਾ, ਕੈਨੇਡਾ ਦਰਮਿਆਨ ਵਸਤਾਂ ਦੀ ਕੀਮਤ ਵਿੱਚ ਫਰਕ ਕਿਉਂ
On 23 October 2011 in ਕੈਨੇਡਾ
ਸਟਾਰ ਨਿਊਜ਼-ਕੈਨੇਡਾ ਦੀ ਸੈਨੇਟ ਕਮੇਟੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਅਮੈਰਿਕਾ ਅਤੇ ਕੈਨੇਡਾ ਵਿਚਕਾਰਲੇ ਸਟੋਰਾਂ ਵਿੱਚ ਆਮ ਵਸਤਾਂ ਦੀਆਂ ਕੀਮਤਾਂ ਵਿੱਚ ਏਨਾ ਅੰਤਰ ਕਿਉਂ ਹੈ। ਕਮੇਟੀ ਇਸ ਸਬੰਧੀ ਸਰਕਾਰੀ ਨੀਤੀਆਂ ਦਾ ਵੀ ਅਧਿਐਨ ਕਰੇਗੀ।
ਇਸ ਸਬੰਧੀ ਕਮੇਟੀ ਨੇ ਬੁੱਧਵਾਰ ਨੂੰ ਸੁਣਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਤਹਿਤ ਸਭ ਤੋਂ ਪਹਿਲਾਂ ਵਿੱਤ ਮੰਤਰੀ ਜਿੱਮ ਫਲਾਰਟੀ ਨੂੰ ਸੰਮਣ ਭੇਜੇ ਗਏ ਹਨ। ਇਸ ਤੋਂ ਬਾਅਦ ਵਿੱਤ ਵਿਭਾਗ ਦੇ ਹੋਰਨਾਂ ਅਧਿਕਾਰੀਆਂ ਨੂੰ ਵੀ ਬੁਲਾਇਆ ਜਾਵੇਗਾ। ਇਸ ਵਿੱਚ ਵਪਾਰ ਮੰਤਰਾਲੇ ਦੇ ਅਧਿਕਾਰੀਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਤਾਂ ਕਿ ਉਹ ਵੀ ਇਸ ਦੀ ਗਵਾਹੀ ਦੇ ਸਕਣ।
ਜਦੋਂ ਵਿੱਤ ਮੰਤਰੀ ਨੇ ਅਜਿਹੀ ਜਾਂਚ ਦਾ ਐਲਾਨ ਕੀਤਾ ਸੀ ਤਾਂ ਫਲਾਰਟੀ ਨੇ ਮੰਨਿਆ ਸੀ ਕਿ ਵਸਤਾਂ ਦੇ ਕੈਨੇਡਾ ਆਉਣ ਸਮੇਂ ਔਟਵਾ ਵੱਲੋਂ ਲਾਏ ਜਾਂਦੇ ਟੈਕਸ ਵਿੱਚ ਇਸ ਮੁਸੀਬਤ ਦਾ ਇੱਕ ਹਿੱਸਾ ਹਨ।
ਰਿਟੇਲ ਕੌਂਸਲ ਆਫ ਕੈਨੇਡਾ ਜੋ ਇਸ ਰੁੱਤ ਦੇ ਆਖਰ ਵਿੱਚ ਕਮੇਟੀ ਅੱਗੇ ਪੇਸ਼ ਹੋਵੇਗੀ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਲਾਏ ਜਾਂਦੇ ਟੈਰਿਫ ਹੀ ਇਸ ਸਬੰਧੀ ਵੱਡੀ ਮੁਸੀਬਤ ਹਨ ਜੋ ਕਰੰਸੀ ਦਰ ਵਧਣ ਘਟਣ ਦੇ ਨਾਲ਼-ਨਾਲ਼ ਚੱਲਦੇ ਹਨ। ਬੈਂਕ ਆਫ ਮੌਂਟਰੀਅਲ ਵੱਲੋਂ ਬਹਾਰ ਰੁੱਤ ਵਿੱਚ ਕਰਵਾਏ ਗਏ ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਕਿਤਾਬਾਂ, ਕੱਪੜੇ, ਬਿਜਲਈ ਸਮਾਨ ਅਤੇ ਹੋਰ ਆਮ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੀ ਕੀਮਤ ਵਿੱਚ 20 ਫੀਸਦੀ ਦਾ ਅੰਤਰ ਨੋਟ ਕੀਤਾ ਗਿਆ ਹੈ।
ਕੌਂਸਲ ਦਾ ਕਹਿਣਾ ਹੈ ਕਿ ਕੁਝ ਵਸਤਾਂ ਤੇ ਲਾਏ ਜਾਂਦੇ ਟੈਰਿਫ ਹੀ 18 ਫੀਸਦੀ ਤੱਕ ਹੁੰਦੇ ਹਨ। ਇਸ ਤੋਂ ਇਲਾਵਾ ਕੈਨੇਡਾ ਵਿੱਚ ਉੱਚੀ ਕੀਮਤ ਹੀ ਅਮੈਰਿਕਾ ਦੇ ਆਮ ਸਟੋਰਾਂ ਵਾਲਿਆਂ ਨੂੰ ਲਾਭ ਪਹੁੰਚਾਉਂਦੀ ਹੈ। ਬੇਸ਼ੱਕ ਕੈਨੇਡੀਅਨ ਡਾਲਰ ਦੀ ਕੀਮਤ ਪਹਿਲਾਂ ਦੇ ਮੁਕਾਬਲੇ ਘੱਟ ਗਈ ਹੈ।

