ਕੈਨੇਡਾ, ਅਮਰੀਕਾ ਰੱਖਿਆ ਸਹਿਯੋਗ ‘ਤੇ ਹੋਵੇਗੀ ਅਗਲੇ ਸਾਲ ਨਜ਼ਰ
On 2 January 2012 in ਕੈਨੇਡਾ
ਐਡਮਿੰਟਨ, ਸਟਾਰ ਨਿਊਜ਼-ਕੈਨੇਡਾ ਅਤੇ ਅਮਰੀਕਾ ਸਿਰਫ ਗੁਆਂਢੀ ਮੁਲਕ ਹੀ ਨਹੀਂ ਬਲਕਿ ਵਪਾਰ ਸਮੇਤ ਹਰ ਖੇਤਰ ਵਿਚ ਭਾਈਵਾਲ ਵੀ ਹਨ। ਇੱਥੋਂ ਤੱਕ ਕਿ ਕੈਨੇਡਾ ਅਤੇ ਅਮਰੀਕਾ ਹਾਲ ਹੀ ਵਿਚ ਸਾਂਝੀਆਂ ਜੰਗੀ ਮੁਹਿੰਮਾਂ ਵਿਚ ਵੀ ਸ਼ਾਮਲ ਹੁੰਦੇ ਰਹੇ ਹਨ, ਪਰ 2012 ਵਿਚ ਕੀ ਕੈਨੇਡਾ ਇਸੇ ਤਰ੍ਹਾਂ ਅਮਰੀਕਾ ਦਾ ਸਹਿਯੋਗ ਦੇਵੇਗਾ, ਇਸ ਨੂੰ ਲੈ ਕੇ ਸ਼ੰਕੇ ਖੜ੍ਹੇ ਹੋ ਗਏ ਹਨ। ਕੈਨੇਡਾ ਅਤੇ ਅਮਰੀਕਾ ਵਿਚਕਾਰ ਬਾਰਡਰ ਸਕਿਊਰਟੀ ਸਮੇਤ ਤੇਲ ਸਪਲਾਈ ਦੇ ਕਈ ਸਮਝੌਤੇ ਹਾਲ ਹੀ ਵਿਚ ਹੋਏ ਹਨ, ਪਰ ਕੈਨੇਡਾ ਦੇ ਅੰਦਰ ਇਕ ਚਰਚਾ ਜ਼ਰੂਰ ਚਲਦੀ ਰਹੀ ਹੈ ਕਿ ਕੈਨੇਡਾ ਅਮਰੀਕਾ ਨਾਲ ਅੰਨ੍ਹੇਵਾਹ ਫੌਜੀ ਸਹਿਯੋਗ ਨਾ ਕਰੇ। 9/11 ਤੋਂ ਬਾਅਦ ਅਫ਼ਗਾਨ ਮੁਹਿੰਮ ਤੋਂ ਹਾਲਾਂਕਿ ਕੈਨੇਡਾ ਪਿੱਛੇ ਹਟ ਚੁੱਕਾ ਹੈ, ਪਰ ਇਸ ਦੇ ਬਾਵਜੂਦ ਕੈਨੇਡਾ ਦਾ ਸਹਿਯੋਗ ਇਸ ਮੁਲਕ ਵਿਚ ਸ਼ਾਂਤੀ ਅਤੇ ਸਥਿਰਤਾ ਲਈ ਲਗਾਤਾਰ ਜਾਰੀ ਹੈ। ਕੈਨੇਡਾ ਨੇ ਪਹਿਲਾਂ ਵੀ ਅਮਰੀਕਾ ਦੇ ਮਾਮਲੇ ਵਿਚ ਰੱਖਿਆ ਨੀਤੀ ਤੇ ਮੁੜ ਵਿਚਾਰ ਕੀਤਾ ਹੈ। ਲਿਬਰਲ ਸਰਕਾਰ ਦੇ ਵਕਤ ਪ੍ਰਧਾਨ ਮੰਤਰੀ ਜੀਨ ਕ੍ਰਿਸਟ ਨੇ ਇਰਾਕ ਜੰਗ ਸਮੇਂ ਕੈਨੇਡਾ ਦੀ ਫੌਜ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਅਫਗਾਨਿਸਤਾਨ ਵਿਚ ਫੌਜ ਭੇਜ ਦਿੱਤੀ। ਕੈਨੇਡਾ ਇਸ ਤੋਂ ਪਹਿਲਾਂ ਇੰਗਲੈਂਡ ਨਾਲ ਦੋ ਸੰਸਾਰ ਜੰਗ ਲੜ ਚੁੱਕਾ ਹੈ ਅਤੇ ਕੋਰੀਆ ਦੀ ਜੰਗ ਵੀ ਲੜੀ ਹੈ। ਇਸ ਵਕਤ ਕੈਨੇਡਾ ਨਾਟੋ ਦਾ ਮੈਂਬਰ ਹੈ ਅਤੇ ਨਾਟੋ ਦੀ ਅਗਵਾਈ ਵਿਚ ਜੰਗੀ ਮੁਹਿੰਮਾਂ ਵਿਚ ਸ਼ਾਮਲ ਹੁੰਦਾ ਹੈ।


